LPU ਯੂਨੀਵਰਸਿਟੀ ’ਚ ਅਫਵਾਹ ਮਗਰੋਂ ਹੰਗਾਮਾ, ਵਿਦਿਆਰਥੀਆਂ ਦਾ ਨੈਸ਼ਨਲ ਹਾਈਵੇ ’ਤੇ ਧਰਨਾ- ਅਣਪਛਾਤੇ ਵਿਅਕਤੀਆਂ ਖ਼ਿਲਾਫ਼ FIR ਦਰਜ
ਫਗਵਾੜਾ (ਕਪੂਰਥਲਾ), 27 ਸਤੰਬਰ 2026: ਫਗਵਾੜਾ ਸਥਿਤ ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (ਐਲ.ਪੀ.ਯੂ.) ਵਿੱਚ ਐਤਵਾਰ ਤੜਕੇ ਇੱਕ ਵਿਦਿਆਰਥਣ ਨਾਲ ਕਥਿਤ ਜਬਰ-ਜਨਾਹ ਦੀ ਖ਼ਬਰ ਸੋਸ਼ਲ ਮੀਡੀਆ ’ਤੇ ਵਾਇਰਲ ਹੋਣ ਤੋਂ ਬਾਅਦ ਤਣਾਅ ਪੈਦਾ ਹੋ ਗਿਆ। ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਨੇ ਰੋਸ ਪ੍ਰਦਰਸ਼ਨ ਕਰਦਿਆਂ ਯੂਨੀਵਰਸਿਟੀ ਕੈਂਪਸ ਵਿੱਚ ਭੰਨਤੋੜ ਕੀਤੀ ਅਤੇ ਬਾਅਦ ਵਿੱਚ ਨੈਸ਼ਨਲ ਹਾਈਵੇ ’ਤੇ ਧਰਨਾ ਲਗਾ ਦਿੱਤਾ।
ਜਾਣਕਾਰੀ ਮੁਤਾਬਕ ਪ੍ਰਦਰਸ਼ਨ ਲੜਕੀਆਂ ਦੇ ਹੋਸਟਲ ਨੇੜੇ ਤੋਂ ਸ਼ੁਰੂ ਹੋਇਆ। ਇਸ ਦੌਰਾਨ ਕੁਝ ਵਿਦਿਆਰਥੀਆਂ ਵੱਲੋਂ ਖਿੜਕੀਆਂ ਦੇ ਸ਼ੀਸ਼ੇ ਤੋੜੇ ਗਏ ਅਤੇ ਇੱਟਾਂ ਤੇ ਗਮਲੇ ਸੁੱਟੇ ਗਏ। ਕੈਂਪਸ ਦੀਆਂ ਕੁਝ ਥਾਵਾਂ ’ਤੇ ਅੱਗ ਲਗਾਏ ਜਾਣ ਦੀ ਵੀ ਸੂਚਨਾ ਮਿਲੀ। ਹਾਲਾਤ ਵਿਗੜਨ ਮਗਰੋਂ ਪੁਲਿਸ ਨੇ ਮੌਕੇ ’ਤੇ ਪਹੁੰਚ ਕੇ ਸਥਿਤੀ ਸੰਭਾਲਣ ਦੀ ਕੋਸ਼ਿਸ਼ ਕੀਤੀ।
ਤੜਕੇ ਕਰੀਬ 4 ਵਜੇ ਵਿਦਿਆਰਥੀਆਂ ਨੇ ਯੂਨੀਵਰਸਿਟੀ ਦੇ ਗੇਟਾਂ ਨੇੜੇ ਪਹੁੰਚ ਕੇ ਸਾਈਨ ਬੋਰਡਾਂ ਨੂੰ ਨੁਕਸਾਨ ਪਹੁੰਚਾਇਆ ਅਤੇ ਫਗਵਾੜਾ-ਜਲੰਧਰ ਨੈਸ਼ਨਲ ਹਾਈਵੇ ’ਤੇ ਧਰਨਾ ਲਗਾ ਦਿੱਤਾ। ਇਸ ਕਾਰਨ ਆਵਾਜਾਈ ਪ੍ਰਭਾਵਿਤ ਹੋਈ। ਕਪੂਰਥਲਾ ਪੁਲਿਸ ਵੱਲੋਂ ਭਾਰੀ ਸੁਰੱਖਿਆ ਬਲ ਤਾਇਨਾਤ ਕੀਤਾ ਗਿਆ।
ਐੱਸ.ਐੱਸ.ਪੀ. ਗੌਰਵ ਤੂਰਾ ਨੇ ਕਿਹਾ ਕਿ ਕਥਿਤ ਜਬਰ-ਜਨਾਹ ਸਬੰਧੀ ਵਾਇਰਲ ਸੰਦੇਸ਼ ਤੋਂ ਬਾਅਦ ਵਿਦਿਆਰਥੀਆਂ ਵਿੱਚ ਰੋਸ ਪੈਦਾ ਹੋਇਆ। ਉਨ੍ਹਾਂ ਕਿਹਾ ਕਿ ਹੁਣ ਤੱਕ ਪੁਲਿਸ ਨੂੰ ਘਟਨਾ ਦੀ ਪੁਸ਼ਟੀ ਕਰਨ ਵਾਲਾ ਕੋਈ ਤੱਥ ਜਾਂ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਦੱਸਿਆ ਕਿ ਬਿਆਨਾਂ ਦੇ ਆਧਾਰ ’ਤੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਕੀਤੀ ਜਾ ਰਹੀ ਹੈ।
ਐੱਸ.ਐੱਸ.ਪੀ. ਨੇ ਇਹ ਵੀ ਸਪੱਸ਼ਟ ਕੀਤਾ ਕਿ ਸੋਸ਼ਲ ਮੀਡੀਆ ’ਤੇ ਵਾਇਰਲ ਖੁਦਕੁਸ਼ੀ ਦੀ ਵੀਡੀਓ ਪੁਰਾਣੀ ਹੈ। ਉੱਧਰ, ਐਲ.ਪੀ.ਯੂ. ਦੇ ਸਟੂਡੈਂਟ ਵੈਲਫੇਅਰ ਵਿੰਗ ਦੇ ਕਾਰਜਕਾਰੀ ਡੀਨ ਸੌਰਵ ਲਖਨਪਾਲ ਨੇ ਵਾਇਰਲ ਹੋ ਰਹੀਆਂ ਖ਼ਬਰਾਂ ਨੂੰ ਬੇਬੁਨਿਆਦ ਅਤੇ ਅਫਵਾਹਾਂ ਕਰਾਰ ਦਿੰਦਿਆਂ ਵਿਦਿਆਰਥੀਆਂ, ਮਾਪਿਆਂ ਅਤੇ ਲੋਕਾਂ ਨੂੰ ਸਿਰਫ਼ ਅਧਿਕਾਰਤ ਜਾਣਕਾਰੀ ’ਤੇ ਭਰੋਸਾ ਕਰਨ ਦੀ ਅਪੀਲ ਕੀਤੀ ਹੈ।







