ਭਾਜਪਾ ਆਗੂ ਦਾ ਬੇਰਹਿਮੀ ਨਾਲ ਕ/ਤਲ; ਦੋ ਹੋਰ ਜ਼ਖਮੀ
ਕੋਲਕਾਤਾ, 27 ਸਤੰਬਰ 2026- ਪੱਛਮੀ ਮਿਦਨਾਪੁਰ ਜ਼ਿਲ੍ਹੇ ਦੇ ਖੜਗਪੁਰ ਪੇਂਡੂ ਖੇਤਰ ਦੇ ਹਾਥੀਹਲਕਾ ਇਲਾਕੇ ਵਿੱਚ ਸ਼ੁੱਕਰਵਾਰ ਨੂੰ ਭਾਜਪਾ ਕਾਰਕੁਨ ਸ਼ਮਸ਼ੇਰ ਵਿਸ਼ਵਾਸ (32) ਦੀ ਕਥਿਤ ਤੌਰ ’ਤੇ ਕੁੱਟਮਾਰ ਕਰਕੇ ਹੱਤਿਆ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਹਮਲੇ ਵਿੱਚ ਦੋ ਹੋਰ ਭਾਜਪਾ ਕਾਰਕੁਨਾਂ ਦੇ ਗੰਭੀਰ ਜ਼ਖਮੀ ਹੋਣ ਦੀ ਵੀ ਜਾਣਕਾਰੀ ਹੈ।
ਪੁਲਿਸ ਮੁਤਾਬਕ, ਗੰਭੀਰ ਹਾਲਤ ਵਿੱਚ ਸ਼ਮਸ਼ੇਰ ਵਿਸ਼ਵਾਸ ਨੂੰ ਮਿਦਨਾਪੁਰ ਮੈਡੀਕਲ ਕਾਲਜ ਅਤੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ। ਜ਼ਖਮੀ ਦੋਵੇਂ ਕਾਰਕੁਨਾਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ।
ਮੁੱਢਲੀ ਜਾਣਕਾਰੀ ਅਨੁਸਾਰ, ਇਹ ਘਟਨਾ ਭਾਜਪਾ ਦੇ ਕਥਿਤ ਪੁਰਾਣੇ ਅਤੇ ਨਵੇਂ ਗੁੱਟਾਂ ਵਿਚਾਲੇ ਚੱਲ ਰਹੇ ਵਿਵਾਦ ਨਾਲ ਜੋੜੀ ਜਾ ਰਹੀ ਹੈ। ਦੋਸ਼ ਹੈ ਕਿ ਇਸੇ ਅੰਦਰੂਨੀ ਵਿਵਾਦ ਨੂੰ ਲੈ ਕੇ ਸ਼ਮਸ਼ੇਰ ਵਿਸ਼ਵਾਸ ਅਤੇ ਉਨ੍ਹਾਂ ਦੇ ਸਾਥੀਆਂ ’ਤੇ ਹਮਲਾ ਕੀਤਾ ਗਿਆ। ਹਾਲਾਂਕਿ, ਹਮਲੇ ਦੀ ਅਸਲ ਵਜ੍ਹਾ ਅਤੇ ਇਸ ਵਿੱਚ ਸ਼ਾਮਲ ਵਿਅਕਤੀਆਂ ਦੀ ਭੂਮਿਕਾ ਦੀ ਅਧਿਕਾਰਤ ਪੁਸ਼ਟੀ ਹਾਲੇ ਨਹੀਂ ਹੋਈ।
ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸੌਮੇਨ ਤਿਵਾਰੀ ਨੇ ਕਿਹਾ ਕਿ ਮਾਮਲੇ ਸਬੰਧੀ ਜਾਣਕਾਰੀ ਇਕੱਠੀ ਕੀਤੀ ਜਾ ਰਹੀ ਹੈ। ਉਧਰ, ਪੁਲਿਸ ਨੇ ਘਟਨਾ ਦੀ ਸੀਸੀਟੀਵੀ ਫੁਟੇਜ ਕਬਜ਼ੇ ਵਿੱਚ ਲੈ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਮੁਤਾਬਕ ਫੁਟੇਜ ਦੇ ਆਧਾਰ ’ਤੇ ਸ਼ੱਕੀ ਵਿਅਕਤੀਆਂ ਦੀ ਪਛਾਣ ਕੀਤੀ ਜਾ ਰਹੀ ਹੈ। ਇਲਾਕੇ ਵਿੱਚ ਤਣਾਅ ਦੇ ਮੱਦੇਨਜ਼ਰ ਸੁਰੱਖਿਆ ਅਤੇ ਨਿਗਰਾਨੀ ਵੀ ਵਧਾ ਦਿੱਤੀ ਗਈ ਹੈ।







