“ਕਾਂਗਰਸ ਨੇ ਪੁਰਾਣੇ ਵਰਕਰਾਂ ਨੂੰ ਛੱਡ ਅਕਾਲੀ ਦਲ ਤੋਂ ਆਏ ਆਗੂ ਨੂੰ ਬਣਾਇਆ ਪ੍ਰਧਾਨ” – ਹਰਪਾਲ ਚੀਮਾ
ਚੰਡੀਗੜ੍ਹ:
ਪੰਜਾਬ ਵਿੱਤ ਮੰਤਰੀ ਅਤੇ ‘ਆਪ’ ਆਗੂ ਹਰਪਾਲ ਸਿੰਘ ਚੀਮਾ ਨੇ ਕਾਂਗਰਸ ਪਾਰਟੀ ਵੱਲੋਂ ਪਰਗਟ ਸਿੰਘ ਨੂੰ ਨਵੀਂ ਜ਼ਿੰਮੇਵਾਰੀ ਸੌਂਪੇ ਜਾਣ ਤੋਂ ਬਾਅਦ ਤਿੱਖਾ ਸ਼ਬਦੀ ਹਮਲਾ ਬੋਲਿਆ ਹੈ। ਹਰਪਾਲ ਚੀਮਾ ਨੇ ਕਾਂਗਰਸ ਦੇ ਇਸ ਫ਼ੈਸਲੇ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਕਾਂਗਰਸ ਪਾਰਟੀ ਨੇ ਆਪਣੇ ਵਫ਼ਾਦਾਰ ਅਤੇ ਪੁਰਾਣੇ ਵਰਕਰਾਂ ਨੂੰ ਪਾਸੇ ਕਰਕੇ ਇੱਕ ਅਜਿਹੇ ਆਗੂ ਨੂੰ ਪ੍ਰਧਾਨ ਨਿਯੁਕਤ ਕੀਤਾ ਹੈ, ਜਿਸ ਨੇ ਆਪਣੀ ਸਿਆਸਤ ਦੀ ਸ਼ੁਰੂਆਤ ਸ਼੍ਰੋਮਣੀ ਅਕਾਲੀ ਦਲ ਤੋਂ ਕੀਤੀ ਸੀ।
ਹਰਪਾਲ ਸਿੰਘ ਚੀਮਾ ਨੇ ਪਰਗਟ ਸਿੰਘ ਦੇ ਸਿਆਸੀ ਕੈਰੀਅਰ ਦਾ ਹਵਾਲਾ ਦਿੰਦਿਆਂ ਕਿਹਾ ਕਿ ਜਦੋਂ ਪੰਜਾਬ ਵਿੱਚ ਅਕਾਲੀ ਦਲ ਦੀ ਸਰਕਾਰ ਸੀ, ਉਸ ਸਮੇਂ ਸੂਬੇ ਵਿੱਚ ਨਸ਼ਿਆਂ ਦਾ ਕਾਰੋਬਾਰ ਸ਼ਰੇਆਮ ਵਧਿਆ-ਫੁੱਲਿਆ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਵਰਗੀਆਂ ਅਤਿ ਦੁਖਦਾਈ ਘਟਨਾਵਾਂ ਵਾਪਰੀਆਂ। ਚੀਮਾ ਨੇ ਸਵਾਲ ਚੁੱਕਿਆ ਕਿ ਅਕਾਲੀ ਦਲ ਦਾ ਹਿੱਸਾ ਹੁੰਦਿਆਂ ਪਰਗਟ ਸਿੰਘ ਨੇ ਕਦੇ ਵੀ ਨਸ਼ਿਆਂ ਦੀ ਵੱਧ ਰਹੀ ਸਮੱਗਲਿੰਗ ਅਤੇ ਬੇਅਦਬੀਆਂ ਦੇ ਖ਼ਿਲਾਫ਼ ਆਪਣੀ ਆਵਾਜ਼ ਨਹੀਂ ਉਠਾਈ। ਉਸ ਸਮੇਂ ਚੁੱਪ ਰਹਿ ਕੇ ਉਨ੍ਹਾਂ ਨੇ ਇਨ੍ਹਾਂ ਗੰਭੀਰ ਮੁੱਦਿਆਂ ‘ਤੇ ਅਕਾਲੀ ਦਲ ਦੀਆਂ ਨੀਤੀਆਂ ਦਾ ਸਮਰਥਨ ਹੀ ਕੀਤਾ ਸੀ।
ਇਸ ਤੋਂ ਇਲਾਵਾ, ਬੇਅਦਬੀ ਦੇ ਮੁੱਦੇ ‘ਤੇ ਬਣਾਏ ਜਾਣ ਵਾਲੇ ਕਾਨੂੰਨ ਬਾਰੇ ਬੋਲਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਇਸ ਮਾਮਲੇ ਵਿੱਚ ਕਾਂਗਰਸ ਪਾਰਟੀ ਖ਼ੁਦ ਦੋ ਧੜਿਆਂ ਵਿੱਚ ਵੰਡੀ ਹੋਈ ਹੈ। ਇੱਕ ਧੜਾ ਕਾਨੂੰਨ ਬਣਾਉਣ ਦੇ ਹੱਕ ਵਿੱਚ ਹੈ ਜਦਕਿ ਦੂਜਾ ਧੜਾ ਦੋਸ਼ੀਆਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਿਹਾ ਹੈ। ਚੀਮਾ ਨੇ ਦਾਅਵਾ ਕੀਤਾ ਕਿ ਇਹ ਗੱਲ ਪਰਗਟ ਸਿੰਘ ਨੇ ਖ਼ੁਦ ਵਿਧਾਨ ਸਭਾ ਦੇ ਅੰਦਰ ਮੰਨੀ ਸੀ।
ਹਰਪਾਲ ਚੀਮਾ ਨੇ ਪਰਗਟ ਸਿੰਘ ਨੂੰ ਸਿੱਧਾ ਸਵਾਲ ਕਰਦਿਆਂ ਕਿਹਾ ਕਿ ਉਹ ਪੰਜਾਬ ਦੇ ਲੋਕਾਂ ਸਾਹਮਣੇ ਆਪਣੀ ਸਥਿਤੀ ਸਪੱਸ਼ਟ ਕਰਨ ਕਿ ਉਹ ਬੇਅਦਬੀ ਦੇ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਾਲੇ ਧੜੇ ਨਾਲ ਹਨ ਜਾਂ ਦੋਸ਼ੀਆਂ ਦੀ ਪੁਸ਼ਤਪਨਾਹੀ ਕਰਨ ਵਾਲੇ ਧੜੇ ਨਾਲ?
ਅੰਤ ਵਿੱਚ ਚੀਮਾ ਨੇ ਕਿਹਾ ਕਿ ਕਾਂਗਰਸ ਹਮੇਸ਼ਾ ਆਪਣੇ ਪੁਰਾਣੇ ਅਤੇ ਮਿਹਨਤੀ ਵਰਕਰਾਂ ਦੀ ਅਣਦੇਖੀ ਕਰਦੀ ਆਈ ਹੈ। ਪਾਰਟੀ ਵਿੱਚ ਸਾਲਾਂ ਤੋਂ ਸੇਵਾ ਕਰ ਰਹੇ ਟਕਸਾਲੀ ਵਰਕਰਾਂ ਨੂੰ ਅਣਗੌਲਿਆ ਕਰਕੇ ਦੂਜੀਆਂ ਪਾਰਟੀਆਂ ਤੋਂ ਆਏ ਆਗੂਆਂ ਨੂੰ ਵੱਡੇ ਅਹੁਦੇ ਦੇਣਾ ਕਾਂਗਰਸ ਦੀ ਅੰਦਰੂਨੀ ਫੁੱਟ ਅਤੇ ਨੀਤੀਹੀਣਤਾ ਨੂੰ ਸਾਫ਼ ਦਰਸਾਉਂਦਾ ਹੈ।







