ਮੰਗੇਤਰ ਅਤੇ ਉਸਦੇ ਪਰਿਵਾਰ ਤੋਂ ਤੰਗ ਲੜਕੀ ਦੀ ਤਿੰਨ ਦਿਨ ਬਾਅਦ ਮਿਲੀ ਲਾਸ਼, ਕੇਸ ਦਰਜ
ਸਮਾਣਾ 4 ਅਕਤੂਬਰ 2026
ਮੰਗੇਤਰ ਅਤੇ ਉਸ ਦੇ ਪਰਿਵਾਰਕ ਮੈਂਬਰਾਂ ਵੱਲੋਂ ਕਥਿਤ ਤੌਰ ’ਤੇ ਤੰਗ-ਪ੍ਰੇਸ਼ਾਨ ਕੀਤੇ ਜਾਣ ਤੋਂ ਬਾਅਦ ਲਾਪਤਾ ਹੋਈ ਲੜਕੀ ਜੈਨਾ ਦੀ ਲਾਸ਼ ਤਿੰਨ ਦਿਨ ਬਾਅਦ ਬਰਾਮਦ ਹੋ ਗਈ। ਲਾਸ਼ ਮਿਲਣ ਤੋਂ ਬਾਅਦ ਪੁਲਿਸ ਨੇ ਮ੍ਰਿਤਕਾ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ ’ਤੇ ਮੰਗੇਤਰ ਸਮੇਤ ਤਿੰਨ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਸਿਵਲ ਹਸਪਤਾਲ ਸਮਾਣਾ ਵਿੱਚ ਸਿਟੀ ਥਾਣਾ ਦੇ ਏਐੱਸਆਈ ਬਲਵੀਰ ਸਿੰਘ ਨੇ ਦੱਸਿਆ ਕਿ ਮ੍ਰਿਤਕਾ ਦੇ ਭਰਾ ਦਿਲਸ਼ਾਦ ਖਾਨ ਵਾਸੀ ਪਿੰਡ ਦੁੱਲੜ ਵੱਲੋਂ ਪੁਲਿਸ ਨੂੰ ਦਿੱਤੇ ਬਿਆਨਾਂ ਅਨੁਸਾਰ ਜੈਨਾ ਸਮਾਣਾ ਦੀ ਇੱਕ ਨਿੱਜੀ ਕੰਪਨੀ ਵਿੱਚ ਨੌਕਰੀ ਕਰਦੀ ਸੀ। ਕਰੀਬ ਸੱਤ ਮਹੀਨੇ ਪਹਿਲਾਂ ਉਸ ਦਾ ਰਿਸ਼ਤਾ ਅਸਮੂਦੀਨ ਖਾਨ ਵਾਸੀ ਕੁੜਾੜ, ਜ਼ਿਲ੍ਹਾ ਕੈਥਲ (ਹਰਿਆਣਾ) ਨਾਲ ਹੋਇਆ ਸੀ।
ਪਰਿਵਾਰ ਨੇ ਦੋਸ਼ ਲਾਇਆ ਕਿ ਮੰਗੇਤਰ ਵੱਲੋਂ ਜੈਨਾ ਨੂੰ ਫੋਨ ’ਤੇ ਕਥਿਤ ਤੌਰ ’ਤੇ ਪ੍ਰੇਸ਼ਾਨ ਕੀਤਾ ਜਾਂਦਾ ਸੀ। 30 ਸਤੰਬਰ ਨੂੰ ਵੀ ਉਸ ਨੇ ਆਪਣੇ ਪਰਿਵਾਰ ਨੂੰ ਫੋਨ ਕਰਕੇ ਪ੍ਰੇਸ਼ਾਨ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਸੀ। ਇਸ ਤੋਂ ਬਾਅਦ ਉਹ ਲਾਪਤਾ ਹੋ ਗਈ।
ਪੁਲਿਸ ਨੇ ਦੱਸਿਆ ਕਿ ਜੈਨਾ ਦੀ ਲਾਸ਼ ਹਰਿਆਣਾ ਦੇ ਰਾਣੀਆਂ ਨੇੜੇ ਨਹਿਰ ਤੋਂ ਬਰਾਮਦ ਹੋਈ। ਇਸ ਮਾਮਲੇ ਵਿੱਚ ਅਸਮੂਦੀਨ ਖਾਨ, ਮੁਕੇਸ਼ ਬੇਗ਼ਮ ਅਤੇ ਗੁਲਸ਼ਨ ਖਾਨ ਖ਼ਿਲਾਫ਼ ਕੇਸ ਦਰਜ ਕਰਕੇ ਉਨ੍ਹਾਂ ਦੀ ਭਾਲ ਕੀਤੀ ਜਾ ਰਹੀ ਹੈ।







