ਕਾਂਗਰਸ ਆਗੂ ਸ਼ਿਵਾਨੀ ਸ਼ਰਮਾ ’ਤੇ ਹਮਲਾ; ਮੌਜੂਦਾ ਪ੍ਰਧਾਨ ਵਿਰੁੱਧ FIR ਦਰਜ
ਸੁਲਤਾਨਵਿੰਡ (ਅੰਮ੍ਰਿਤਸਰ), 4 ਅਕਤੂਬਰ 2026- ਨਿਊ ਅੰਮ੍ਰਿਤਸਰ ਦੇ ਭਾਈ ਗੁਰਦਾਸ ਜੀ ਨਗਰ ਵਿਖੇ ਕਾਂਗਰਸ ਦੀ ਸਾਬਕਾ ਮਹਿਲਾ ਜ਼ਿਲ੍ਹਾ ਪ੍ਰਧਾਨ ਸ਼ਿਵਾਨੀ ਸ਼ਰਮਾ ਨੇ ਮੌਜੂਦਾ ਸ਼ਹਿਰੀ ਜ਼ਿਲ੍ਹਾ ਪ੍ਰਧਾਨ ਸੌਰਵ ‘ਮਿੱਠੂ’ ਮਦਾਨ ਅਤੇ ਉਸ ਦੇ ਸਰਕਾਰੀ ਗੰਨਮੈਨਾਂ ’ਤੇ ਘਰ ਵਿੱਚ ਦਾਖ਼ਲ ਹੋ ਕੇ ਹਮਲਾ ਕਰਨ ਤੇ ਖਿੱਚ-ਧੂਹ ਕਰਨ ਦੇ ਦੋਸ਼ ਲਗਾਏ ਹਨ।
ਸ਼ਿਵਾਨੀ ਸ਼ਰਮਾ ਮੁਤਾਬਕ ਮਿੱਠੂ ਮਦਾਨ ਆਪਣੇ ਗੰਨਮੈਨਾਂ ਸਮੇਤ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚਿਆ ਅਤੇ ਉਨ੍ਹਾਂ ਤੇ ਉਨ੍ਹਾਂ ਦੇ ਪਤੀ ਨੂੰ ਬਾਹਰ ਆਉਣ ਲਈ ਕਿਹਾ। ਇਸ ਦੌਰਾਨ ਸੋਸ਼ਲ ਮੀਡੀਆ ’ਤੇ ਪੰਜਾਬ ਕਾਂਗਰਸ ਦੇ ਨਵੇਂ ਪ੍ਰਧਾਨ ਪਰਗਟ ਸਿੰਘ ਨੂੰ ਵਧਾਈ ਦੇਣ ਵਾਲੀ ਪੋਸਟ ਨੂੰ ਲੈ ਕੇ ਬਹਿਸ ਹੋ ਗਈ। ਸ਼ਿਵਾਨੀ ਨੇ ਦੋਸ਼ ਲਗਾਇਆ ਕਿ ਵਿਰੋਧ ਕਰਨ ’ਤੇ ਮਿੱਠੂ ਮਦਾਨ ਘਰ ਅੰਦਰ ਦਾਖ਼ਲ ਹੋਇਆ ਅਤੇ ਉਨ੍ਹਾਂ ਨਾਲ ਖਿੱਚ-ਧੂਹ ਕੀਤੀ।
ਉਨ੍ਹਾਂ ਦੱਸਿਆ ਕਿ ਘਟਨਾ ਦੀ ਵੀਡੀਓ ਵੀ ਬਣਾਈ ਗਈ ਹੈ ਅਤੇ ਮਾਮਲੇ ਸਬੰਧੀ ਥਾਣਾ ਮਕਬੂਲਪੁਰਾ ਵਿੱਚ ਸ਼ਿਕਾਇਤ ਦਿੱਤੀ ਗਈ ਹੈ। ਉਨ੍ਹਾਂ ਪੁਲਿਸ ਤੋਂ ਸਖ਼ਤ ਕਾਰਵਾਈ ਦੀ ਮੰਗ ਕੀਤੀ ਹੈ। ਥਾਣਾ ਮਕਬੂਲਪੁਰਾ ਦੀ ਮੁਖੀ ਇੰਸਪੈਕਟਰ ਅਮਨਦੀਪ ਕੌਰ ਨੇ ਦੱਸਿਆ ਕਿ ਸ਼ਿਵਾਨੀ ਸ਼ਰਮਾ ਦੇ ਬਿਆਨਾਂ ਦੇ ਆਧਾਰ ’ਤੇ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਦੋਸ਼ੀ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ। ਮਿੱਠੂ ਮਦਾਨ ਦਾ ਪੱਖ ਇਸ ਸਬੰਧੀ ਸਾਹਮਣੇ ਨਹੀਂ ਆਇਆ।







