ਸੋਨਮ ਵਾਂਗਚੁਕ ਦੇ ਸਕੂਲ ’ਤੇ ਪ੍ਰਸ਼ਾਸਨ ਦੀ ਸਖ਼ਤੀ, ਅੰਤਿਮ ਫ਼ੈਸਲੇ ਤੱਕ ਸਾਰੀਆਂ ਸਰਗਰਮੀਆਂ ਬੰਦ ਕਰਨ ਦੇ ਹੁਕਮ
ਲੇਹ 4 ਨਵੰਬਰ 2026
ਸਮਾਜਿਕ ਕਾਰਕੁਨ ਸੋਨਮ ਵਾਂਗਚੁਕ ਦੀਆਂ ਮੁਸ਼ਕਲਾਂ ਵਧਦੀਆਂ ਨਜ਼ਰ ਆ ਰਹੀਆਂ ਹਨ। ਲੱਦਾਖ ਦੇ ਲੇਹ ਸਥਿਤ ਉਨ੍ਹਾਂ ਦੇ ‘ਹਿਮਾਲੀਅਨ ਇੰਸਟੀਚਿਊਟ ਆਫ਼ ਅਲਟਰਨੇਟਿਵਜ਼’ (HIAL) ਨੂੰ ਲੈ ਕੇ ਪਹਿਲਾਂ ਹੀ ਜ਼ਮੀਨ ਦੀ ਵੰਡ ਰੱਦ ਕੀਤੇ ਜਾਣ ਦਾ ਮਾਮਲਾ ਅਦਾਲਤ ਵਿੱਚ ਵਿਚਾਰ ਅਧੀਨ ਹੈ। ਇਸੇ ਦੌਰਾਨ ਲੱਦਾਖ ਪ੍ਰਸ਼ਾਸਨ ਨੇ ਉਨ੍ਹਾਂ ਦੇ ‘ਡੈਜ਼ਰਟ ਫਲਾਵਰ ਸਕੂਲ’ ਨੂੰ ਲੈ ਕੇ ਨਵਾਂ ਨੋਟਿਸ ਜਾਰੀ ਕਰ ਦਿੱਤਾ ਹੈ।
ਪ੍ਰਸ਼ਾਸਨ ਨੇ ਹੁਕਮ ਦਿੱਤਾ ਹੈ ਕਿ ਉੱਚ ਅਦਾਲਤ ਵੱਲੋਂ ਇਸ ਮਾਮਲੇ ਵਿੱਚ ਅੰਤਿਮ ਫ਼ੈਸਲਾ ਸੁਣਾਏ ਜਾਣ ਤੱਕ ਸਕੂਲ ਦੀਆਂ ਸਾਰੀਆਂ ਗਤੀਵਿਧੀਆਂ ਬੰਦ ਰੱਖੀਆਂ ਜਾਣ। ਪ੍ਰਸ਼ਾਸਨ ਦਾ ਦੋਸ਼ ਹੈ ਕਿ ਸੋਨਮ ਵਾਂਗਚੁਕ ਵੱਲੋਂ ਲੋੜੀਂਦੀਆਂ ਸਰਕਾਰੀ ਪ੍ਰਵਾਨਗੀਆਂ ਲਏ ਬਿਨਾਂ ਹੀ ਇਸ ਸਕੂਲ ਦੀ ਸ਼ੁਰੂਆਤ ਕਰ ਦਿੱਤੀ ਗਈ ਸੀ।
ਜ਼ਿਕਰਯੋਗ ਹੈ ਕਿ ਵਾਂਗਚੁਕ ਪਹਿਲਾਂ ਹੀ ਜ਼ਮੀਨ ਦੀ ਵੰਡ ਰੱਦ ਕਰਨ ਦੇ ਪ੍ਰਸ਼ਾਸਨਿਕ ਫ਼ੈਸਲੇ ਵਿਰੁੱਧ ਅਦਾਲਤੀ ਲੜਾਈ ਲੜ ਰਹੇ ਹਨ। ਹੁਣ ਸਕੂਲ ਦੀਆਂ ਗਤੀਵਿਧੀਆਂ ਬੰਦ ਕਰਨ ਦੇ ਨਵੇਂ ਹੁਕਮ ਨਾਲ ਉਨ੍ਹਾਂ ਦੀਆਂ ਵਿਦਿਅਕ ਅਤੇ ਸਮਾਜਿਕ ਪਹਿਲਕਦਮੀਆਂ ਸਾਹਮਣੇ ਵੀ ਨਵੀਆਂ ਚੁਣੌਤੀਆਂ ਖੜ੍ਹੀਆਂ ਹੋ ਗਈਆਂ ਹਨ।







