ਤੇਜ਼ ਰਫ਼ਤਾਰ ਟਰੱਕ ਨੇ 7 ਲੋਕਾਂ ਨੂੰ ਕੁਚਲਿਆ, 4 ਔਰਤਾਂ ਤੇ 3 ਬੱਚਿਆਂ ਦੀ ਦਰਦਨਾਕ ਮੌਤ
ਖੂੰਟੀ, 6 ਨਵੰਬਰ 2026: ਝਾਰਖੰਡ ਦੇ ਖੂੰਟੀ ਜ਼ਿਲ੍ਹੇ ਵਿੱਚ ਵੀਰਵਾਰ ਦੇਰ ਰਾਤ ਵਾਪਰੇ ਭਿਆਨਕ ਸੜਕ ਹਾਦਸੇ ਵਿੱਚ ਸੱਤ ਲੋਕਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਚਾਰ ਔਰਤਾਂ ਅਤੇ ਤਿੰਨ ਬੱਚੇ ਸ਼ਾਮਲ ਹਨ। ਹਾਦਸੇ ਤੋਂ ਬਾਅਦ ਪੂਰੇ ਇਲਾਕੇ ਵਿੱਚ ਸੋਗ ਦੀ ਲਹਿਰ ਫੈਲ ਗਈ।
ਜਾਣਕਾਰੀ ਅਨੁਸਾਰ ਇਹ ਹਾਦਸਾ ਕਰ्रा-ਤੋਰਪਾ ਮੁੱਖ ਮਾਰਗ ’ਤੇ ਜੋਨੇ-ਲੁਦਰੂ ਮੋੜ ਨੇੜੇ ਰਾਤ ਕਰੀਬ 9:45 ਵਜੇ ਵਾਪਰਿਆ। ਦੱਸਿਆ ਜਾ ਰਿਹਾ ਹੈ ਕਿ ਇੱਕ ਸਕੂਟੀ ਸਵਾਰ ਬੇਕਾਬੂ ਹੋ ਕੇ ਪੁਲੀਆ ਕੋਲ ਝਾੜੀਆਂ ਵਿੱਚ ਜਾ ਡਿੱਗਿਆ। ਉਸ ਨੂੰ ਦੇਖਣ ਅਤੇ ਮਦਦ ਕਰਨ ਲਈ ਆਸ-ਪਾਸ ਦੀਆਂ ਔਰਤਾਂ ਤੇ ਬੱਚੇ ਮੌਕੇ ’ਤੇ ਇਕੱਠੇ ਹੋ ਗਏ।
ਇਸੇ ਦੌਰਾਨ ਤੋਰਪਾ ਵੱਲੋਂ ਆ ਰਹੇ ਤੇਜ਼ ਰਫ਼ਤਾਰ 18 ਪਹੀਆਂ ਵਾਲੇ ਟਰੱਕ ਨੇ ਸੜਕ ਕਿਨਾਰੇ ਖੜ੍ਹੇ ਲੋਕਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਇਸ ਹਾਦਸੇ ਵਿੱਚ ਸੱਤ ਜਣਿਆਂ ਦੀ ਮੌਕੇ ’ਤੇ ਜਾਂ ਬਾਅਦ ਵਿੱਚ ਮੌਤ ਹੋਣ ਦੀ ਖ਼ਬਰ ਹੈ।
ਮ੍ਰਿਤਕਾਂ ਦੀ ਪਛਾਣ ਪਾਕੋ ਦੇਵੀ, ਕਸੀਲਾ ਦੇਵੀ, ਮਾਨਹੂ ਦੇਵੀ, ਗੋਲੂ ਕੁਮਾਰ, ਅੰਜਲੀ ਕੁਮਾਰੀ, ਤੁਤੀ ਕੁਮਾਰੀ ਅਤੇ 12 ਸਾਲਾ ਸੌਰਭ ਨਾਇਕ ਵਜੋਂ ਹੋਈ ਹੈ। ਹਾਦਸੇ ਵਿੱਚ ਜ਼ਖ਼ਮੀ ਖੁਸ਼ਬੂ ਕੁਮਾਰੀ ਦਾ ਖੂੰਟੀ ਸਦਰ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਮੁੱਢਲੀ ਜਾਣਕਾਰੀ ਮੁਤਾਬਕ ਮ੍ਰਿਤਕ ਇੱਕੋ ਪਰਿਵਾਰ ਨਾਲ ਸਬੰਧਤ ਸਨ।




