LPU ਹਿੰਸਾ ਮਾਮਲੇ ਦੀ ਜਾਂਚ NIA ਹਵਾਲੇ ਹੋਣ ਦੀ ਸੰਭਾਵਨਾ, ਪੰਜਾਬ ਸਰਕਾਰ ਨੂੰ 72 ਘੰਟਿਆਂ ’ਚ ਰਿਪੋਰਟ ਦੇਣ ਦੇ ਹਾਈ ਕੋਰਟ ਦੇ ਨਿਰਦੇਸ਼

Top Trending News ਪੰਜਾਬ

 

LPU ਹਿੰਸਾ ਮਾਮਲੇ ਦੀ ਜਾਂਚ NIA ਹਵਾਲੇ ਹੋਣ ਦੀ ਸੰਭਾਵਨਾ, ਪੰਜਾਬ ਸਰਕਾਰ ਨੂੰ 72 ਘੰਟਿਆਂ ’ਚ ਰਿਪੋਰਟ ਦੇਣ ਦੇ ਹਾਈ ਕੋਰਟ ਦੇ ਨਿਰਦੇਸ਼

ਚੰਡੀਗੜ੍ਹ, 6 ਨਵੰਬਰ 2026: ਲਵਲੀ ਪ੍ਰੋਫੈਸ਼ਨਲ ਯੂਨੀਵਰਸਿਟੀ (LPU) ਵਿੱਚ ਸਤੰਬਰ ਮਹੀਨੇ ਦੌਰਾਨ ਹੋਈ ਹਿੰਸਾ, ਅੱਗਜ਼ਨੀ ਅਤੇ ਭੰਨਤੋੜ ਦੇ ਮਾਮਲੇ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (NIA) ਨੂੰ ਸੌਂਪੇ ਜਾਣ ਦੀ ਸੰਭਾਵਨਾ ਬਣ ਗਈ ਹੈ। ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਨੂੰ 72 ਘੰਟਿਆਂ ਦੇ ਅੰਦਰ ਕੇਂਦਰ ਸਰਕਾਰ ਨੂੰ ਰਿਪੋਰਟ ਭੇਜਣ ਦੇ ਨਿਰਦੇਸ਼ ਦਿੱਤੇ ਹਨ।

ਅਦਾਲਤ ਨੇ ਸਰਕਾਰ ਤੋਂ ਇਹ ਸਪੱਸ਼ਟ ਕਰਨ ਲਈ ਕਿਹਾ ਹੈ ਕਿ ਕੀ ਇਸ ਮਾਮਲੇ ਵਿੱਚ ਸਾਈਬਰ ਅੱਤਵਾਦ ਨਾਲ ਸਬੰਧਤ ਆਈਟੀ ਐਕਟ ਦੀ ਧਾਰਾ 66F ਲਾਗੂ ਹੁੰਦੀ ਹੈ। ਇਸ ਦੇ ਨਾਲ ਹੀ ਕੇਂਦਰ ਸਰਕਾਰ ਨੂੰ ਰਿਪੋਰਟ ਮਿਲਣ ਤੋਂ ਸੱਤ ਦਿਨਾਂ ਅੰਦਰ NIA ਜਾਂਚ ਬਾਰੇ ਫ਼ੈਸਲਾ ਕਰਨ ਲਈ ਕਿਹਾ ਗਿਆ ਹੈ।

ਪੁਲਿਸ ਜਾਂਚ ਦੌਰਾਨ ਸਾਹਮਣੇ ਆਏ ਕੁਝ ਸਬੂਤਾਂ ਦੇ ਆਧਾਰ ’ਤੇ ਸਾਈਬਰ ਅੱਤਵਾਦ ਦਾ ਪਹਿਲੂ ਜਾਂਚ ਦੇ ਘੇਰੇ ਵਿੱਚ ਆਇਆ ਹੈ। ਜੇਕਰ ਕੇਂਦਰ ਜਾਂਚ NIA ਨੂੰ ਸੌਂਪਦਾ ਹੈ ਤਾਂ ਪੰਜਾਬ ਪੁਲਿਸ ਨੂੰ ਆਪਣੀ ਜਾਂਚ ਰੋਕ ਕੇ ਸਬੰਧਤ ਰਿਕਾਰਡ ਕੇਂਦਰੀ ਏਜੰਸੀ ਹਵਾਲੇ ਕਰਨਾ ਪਵੇਗਾ।

ਜ਼ਿਕਰਯੋਗ ਹੈ ਕਿ ਯੂਨੀਵਰਸਿਟੀ ਕੈਂਪਸ ਵਿੱਚ ਇੱਕ ਵਿਦਿਆਰਥਣ ਨਾਲ ਕਥਿਤ ਜਿਨਸੀ ਸ਼ੋਸ਼ਣ ਦੀਆਂ ਅਫਵਾਹਾਂ ਤੋਂ ਬਾਅਦ ਹਿੰਸਾ ਭੜਕ ਗਈ ਸੀ। ਇਸ ਦੌਰਾਨ ਅੱਗਜ਼ਨੀ, ਭੰਨਤੋੜ ਅਤੇ ਲੁੱਟਮਾਰ ਦੀਆਂ ਘਟਨਾਵਾਂ ਵਾਪਰੀਆਂ ਸਨ। ਵਿਦਿਆਰਥੀ ਰਵੀ ਰਾਜ ਵੱਲੋਂ ਦਾਇਰ ਜਨਹਿੱਤ ਪਟੀਸ਼ਨ ਵਿੱਚ CBI ਜਾਂਚ ਦੀ ਮੰਗ ਕੀਤੀ ਗਈ ਹੈ। ਮਾਮਲੇ ਦੀ ਅਗਲੀ ਸੁਣਵਾਈ 17 ਨਵੰਬਰ ਨੂੰ ਹੋਵੇਗੀ।