Breaking- ਫੁਕੇਟ ’ਚ ਭਿਆਨਕ ਅੱਗ ਲੱਗਣ ਕਾਰਨ 11 ਲੋਕਾਂ ਦੀ ਮੌਤ, 16 ਜ਼ਖ਼ਮੀ; ਕਈ ਇਮਾਰਤਾਂ ਸੜ ਕੇ ਸੁਆਹ
ਫੁਕੇਟ, 16 ਨਵੰਬਰ 2026: ਥਾਈਲੈਂਡ ਦੇ ਪ੍ਰਸਿੱਧ ਸੈਲਾਨੀ ਟਾਪੂ ਫੁਕੇਟ ਵਿੱਚ ਐਤਵਾਰ ਤੜਕਸਾਰ ਇੱਕ ਵਪਾਰਕ ਇਮਾਰਤ ਵਿੱਚ ਲੱਗੀ ਭਿਆਨਕ ਅੱਗ ਨੇ ਵੱਡਾ ਜਾਨੀ ਨੁਕਸਾਨ ਕੀਤਾ ਹੈ। ਇਸ ਹਾਦਸੇ ਵਿੱਚ 11 ਲੋਕਾਂ ਦੀ ਮੌਤ ਹੋ ਗਈ, ਜਦਕਿ 16 ਹੋਰ ਜ਼ਖ਼ਮੀ ਹੋ ਗਏ। ਅੱਗ ਇੰਨੀ ਭਿਆਨਕ ਸੀ ਕਿ ਇਸ ਨੇ ਆਸ-ਪਾਸ ਦੀਆਂ ਇਮਾਰਤਾਂ ਨੂੰ ਵੀ ਆਪਣੀ ਲਪੇਟ ਵਿੱਚ ਲੈ ਲਿਆ। ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਬਣ ਗਿਆ।
ਮਿਲੀ ਜਾਣਕਾਰੀ ਅਨੁਸਾਰ, ਅੱਗ ਫੁਕੇਟ ਦੇ ਪੱਛਮੀ ਤੱਟ ’ਤੇ ਸਥਿਤ ਪਟੋਂਗ ਬੀਚ ਦੇ ਨੇੜਲੇ ਟਾਊਨ ਇਲਾਕੇ ਵਿੱਚ ਇੱਕ ਕਮਰਸ਼ੀਅਲ ਸ਼ਾਪ ਹਾਊਸ ਵਿੱਚ ਲੱਗੀ। ਇਸ ਇਮਾਰਤ ਵਿੱਚ ਸੈਲਾਨੀਆਂ ਨੂੰ ਕਿਰਾਏ ’ਤੇ ਗੱਡੀਆਂ ਮੁਹੱਈਆ ਕਰਵਾਉਣ ਦਾ ਕਾਰੋਬਾਰ ਚੱਲਦਾ ਸੀ। ਅੱਗ ਲੱਗਣ ਦੀ ਘਟਨਾ ਸਵੇਰੇ ਲਗਭਗ 3 ਵੱਜ ਕੇ 17 ਮਿੰਟ ’ਤੇ ਵਾਪਰੀ। ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਗਈਆਂ ਅਤੇ ਅੱਗ ਬੁਝਾਉਣ ਲਈ ਜੰਗੀ ਪੱਧਰ ’ਤੇ ਕਾਰਵਾਈ ਸ਼ੁਰੂ ਕੀਤੀ। ਕਰੀਬ ਦੋ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਜਾ ਸਕਿਆ।
ਹਾਦਸੇ ਵਿੱਚ ਜ਼ਖ਼ਮੀ ਹੋਏ 16 ਵਿਅਕਤੀਆਂ ਵਿੱਚੋਂ 15 ਥਾਈਲੈਂਡ ਦੇ ਨਾਗਰਿਕ ਹਨ, ਜਦਕਿ ਇੱਕ ਵਿਅਕਤੀ ਮਿਆਂਮਾਰ ਨਾਲ ਸਬੰਧਤ ਹੈ। ਰਾਹਤ ਦੀ ਗੱਲ ਇਹ ਰਹੀ ਕਿ ਮ੍ਰਿਤਕਾਂ ਅਤੇ ਜ਼ਖ਼ਮੀਆਂ ਵਿੱਚ ਕੋਈ ਵੀ ਵਿਦੇਸ਼ੀ ਸੈਲਾਨੀ ਸ਼ਾਮਲ ਨਹੀਂ ਹੈ।
ਅਧਿਕਾਰੀਆਂ ਵੱਲੋਂ ਅੱਗ ਲੱਗਣ ਦੇ ਕਾਰਨਾਂ ਦੀ ਜਾਂਚ ਕੀਤੀ ਜਾ ਰਹੀ ਹੈ। ਜ਼ਿਕਰਯੋਗ ਹੈ ਕਿ ਕਰੀਬ ਚਾਰ ਮਹੀਨੇ ਪਹਿਲਾਂ ਬੈਂਕਾਕ ਦੇ ਇੱਕ ਬਾਰ ਵਿੱਚ ਲੱਗੀ ਅੱਗ ਕਾਰਨ ਵੀ ਲਗਭਗ 27 ਲੋਕਾਂ ਦੀ ਮੌਤ ਹੋ ਗਈ ਸੀ। ਲਗਾਤਾਰ ਵਾਪਰ ਰਹੀਆਂ ਅਜਿਹੀਆਂ ਘਟਨਾਵਾਂ ਨੇ ਥਾਈਲੈਂਡ ਵਿੱਚ ਅੱਗ ਸੁਰੱਖਿਆ ਪ੍ਰਬੰਧਾਂ ’ਤੇ ਸਵਾਲ ਖੜ੍ਹੇ ਕਰ ਦਿੱਤੇ ਹਨ।





