ਹਿਮਾਚਲ ’ਚ ਦਰਦਨਾਕ ਸੜਕ ਹਾਦਸਾ: ਡੂੰਘੀ ਖੱਡ ’ਚ ਡਿੱਗੀ ਕਾਰ, ਇੱਕੋ ਪਿੰਡ ਦੇ 3 ਵਿਅਕਤੀਆਂ ਦੀ ਮੌਤ, 2 ਜ਼ਖ਼ਮੀ
ਸ਼ਿਮਲਾ, 17 ਨਵੰਬਰ 2026: ਹਿਮਾਚਲ ਪ੍ਰਦੇਸ਼ ਦੇ ਸ਼ਿਮਲਾ ਜ਼ਿਲ੍ਹੇ ਵਿੱਚ ਇੱਕ ਦਰਦਨਾਕ ਸੜਕ ਹਾਦਸੇ ਨੇ ਤਿੰਨ ਪਰਿਵਾਰਾਂ ਦੇ ਘਰਾਂ ਵਿੱਚ ਸੋਗ ਪਸਾਰ ਦਿੱਤਾ। ਰਾਮਪੁਰ ਇਲਾਕੇ ਦੇ ਗੌਰਾ-ਮਸ਼ਨੂ ਲਿੰਕ ਰੋਡ ’ਤੇ ਇੱਕ ਕਾਰ ਬੇਕਾਬੂ ਹੋ ਕੇ ਡੂੰਘੀ ਖੱਡ ਵਿੱਚ ਜਾ ਡਿੱਗੀ। ਇਸ ਹਾਦਸੇ ਵਿੱਚ ਤਿੰਨ ਵਿਅਕਤੀਆਂ ਦੀ ਮੌਤ ਹੋ ਗਈ, ਜਦਕਿ ਦੋ ਹੋਰ ਗੰਭੀਰ ਜ਼ਖ਼ਮੀ ਹੋ ਗਏ।
ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਹਾਦਸਾ ਸਵੇਰੇ ਕਰੀਬ 3 ਵਜੇ ਵਾਪਰਿਆ। ਕਾਰ ਵਿੱਚ ਕੁੱਲ ਪੰਜ ਵਿਅਕਤੀ ਸਵਾਰ ਸਨ। ਮੁੱਢਲੀ ਜਾਂਚ ਮੁਤਾਬਕ ਚਾਲਕ ਵੱਲੋਂ ਵਾਹਨ ਤੋਂ ਕੰਟਰੋਲ ਗੁਆਉਣ ਕਾਰਨ ਕਾਰ ਸੜਕ ਤੋਂ ਫਿਸਲ ਕੇ ਖੱਡ ਵਿੱਚ ਜਾ ਡਿੱਗੀ।
ਮ੍ਰਿਤਕਾਂ ਦੀ ਪਛਾਣ ਰਮਾਨੰਦ (60), ਓਮ ਪ੍ਰਕਾਸ਼ (41) ਅਤੇ ਹਮਿੰਦਰ (37) ਵਜੋਂ ਹੋਈ ਹੈ। ਤਿੰਨੇ ਜਾਗੋਚਾ ਪਿੰਡ ਦੇ ਰਹਿਣ ਵਾਲੇ ਸਨ। ਹਾਦਸੇ ਵਿੱਚ ਜ਼ਖ਼ਮੀ ਹੋਏ ਰਾਕੇਸ਼ ਕੁਮਾਰ ਅਤੇ ਰਵਿੰਦਰ ਕੁਮਾਰ ਨੂੰ ਇਲਾਜ ਲਈ ਰਾਮਪੁਰ ਦੇ ਖਨੇਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।
ਸੂਚਨਾ ਮਿਲਦਿਆਂ ਹੀ ਪੁਲਿਸ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਮ੍ਰਿਤਕਾਂ ਦੀਆਂ ਲਾਸ਼ਾਂ ਖਨੇਰੀ ਮੈਡੀਕਲ ਕੰਪਲੈਕਸ ਭੇਜੀਆਂ ਗਈਆਂ। ਐੱਸਐੱਸਪੀ ਗੌਰਵ ਸਿੰਘ ਨੇ ਹਾਦਸੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਤਿੰਨ ਮੌਤਾਂ ਕਾਰਨ ਇਲਾਕੇ ਵਿੱਚ ਸੋਗ ਦੀ ਲਹਿਰ ਹੈ।





