ਜਲੰਧਰ ਬੱਸ ਸਟੈਂਡ ਡਿਪੂ ’ਚ ਭਿਆਨਕ ਅੱਗ ਨਾਲ ਮਚੀ ਹਫੜਾ-ਦਫੜੀ

Top Trending News ਪੰਜਾਬ

 

ਜਲੰਧਰ ਬੱਸ ਸਟੈਂਡ ਡਿਪੂ ’ਚ ਭਿਆਨਕ ਅੱਗ ਨਾਲ ਮਚੀ ਹਫੜਾ-ਦਫੜੀ

ਜਲੰਧਰ, 17 ਨਵੰਬਰ 2026: ਜਲੰਧਰ ਦੇ ਬੱਸ ਸਟੈਂਡ ਡਿਪੂ ਨੰਬਰ-1 ਵਿੱਚ ਭਿਆਨਕ ਅੱਗ ਲੱਗਣ ਕਾਰਨ ਇਲਾਕੇ ਵਿੱਚ ਹਫੜਾ-ਦਫੜੀ ਮਚ ਗਈ। ਅੱਗ ਦੀਆਂ ਉੱਚੀਆਂ ਲਪਟਾਂ ਅਤੇ ਧੂੰਏਂ ਦੇ ਗੁਬਾਰ ਦੂਰ-ਦੂਰ ਤੱਕ ਦਿਖਾਈ ਦਿੱਤੇ। ਘਟਨਾ ਦੀ ਸੂਚਨਾ ਮਿਲਦਿਆਂ ਹੀ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਅੱਗ ’ਤੇ ਕਾਬੂ ਪਾਉਣ ਲਈ ਕਾਰਵਾਈ ਸ਼ੁਰੂ ਕਰ ਦਿੱਤੀ।

ਮੁੱਢਲੀ ਜਾਣਕਾਰੀ ਅਨੁਸਾਰ ਡਿਪੂ ਵਿੱਚ ਪਏ ਪੁਰਾਣੇ ਟਾਇਰਾਂ ਅਤੇ ਸਕਰੈਪ ਨੂੰ ਅੱਗ ਲੱਗੀ ਸੀ, ਜਿਸ ਨੇ ਕੁਝ ਹੀ ਸਮੇਂ ਵਿੱਚ ਭਿਆਨਕ ਰੂਪ ਧਾਰਨ ਕਰ ਲਿਆ। ਸ਼ੁਰੂਆਤ ਵਿੱਚ ਫਾਇਰ ਬ੍ਰਿਗੇਡ ਨੂੰ ਸੂਚਨਾ ਦਿੱਤੀ ਗਈ ਸੀ ਕਿ ਬੱਸ ਸਟੈਂਡ ਦੇ ਅੰਦਰ ਝਾੜੀਆਂ ਨੂੰ ਅੱਗ ਲੱਗੀ ਹੈ, ਪਰ ਜਦੋਂ ਟੀਮ ਮੌਕੇ ’ਤੇ ਪਹੁੰਚੀ ਤਾਂ ਉੱਥੇ ਟਾਇਰਾਂ ਅਤੇ ਸਕਰੈਪ ਨੂੰ ਅੱਗ ਦੀਆਂ ਲਪਟਾਂ ਵਿੱਚ ਘਿਰਿਆ ਦੇਖਿਆ ਗਿਆ।

ਫਾਇਰ ਬ੍ਰਿਗੇਡ ਟੀਮ ਦੇ ਮੈਂਬਰ ਗੌਰਵ ਭਾਰਦਵਾਜ ਨੇ ਦੱਸਿਆ ਕਿ ਉਨ੍ਹਾਂ ਨੂੰ ਰਾਤ 8 ਵਜੇ ਤੋਂ ਬਾਅਦ ਅੱਗ ਲੱਗਣ ਦੀ ਸੂਚਨਾ ਮਿਲੀ ਸੀ। ਟੀਮ ਨੇ ਤੁਰੰਤ ਮੌਕੇ ’ਤੇ ਪਹੁੰਚ ਕੇ ਅੱਗ ਬੁਝਾਉਣ ਦਾ ਕੰਮ ਸ਼ੁਰੂ ਕੀਤਾ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਅਤੇ ਨੁਕਸਾਨ ਸਬੰਧੀ ਪੂਰੀ ਜਾਣਕਾਰੀ ਸਾਹਮਣੇ ਆਉਣੀ ਬਾਕੀ ਹੈ।