ਪੰਜਾਬੀ ਸਾਹਿਤ ਸਭਾ ਮੁਹਾਲੀ ਵੱਲੋਂ ਨਵੰਬਰ ਮਹੀਨੇ ਦੀ ਮਾਸਿਕ ਇਕੱਤਰਤਾ
ਮੁਹਾਲੀ 17 ਨਵੰਬਰ 2026- ਪੰਜਾਬੀ ਸਾਹਿਤ ਸਭਾ (ਰਜਿ), ਮੁਹਾਲੀ ਦੀ ਮਾਸਿਕ ਇਕੱਤਰਤਾ ਮਿਤੀ 15 ਨਵੰਬਰ 2026 ਦਿਨ ਐਤਵਾਰ ਨੂੰ ਨਗਰ ਨਿਗਮ ਦੀ ਪਬਲਿਕ ਲਾਇਬ੍ਰੇਰੀ ਸੈਕਟਰ 69 ਮੁਹਾਲੀ ਵਿਖੇ ਪ੍ਰਸਿੱਧ ਡਾ. ਸੁਖਵਿੰਦਰ ਸਿੰਘ ਜੀ, ਆਈ ਸਰਜਨ, ਦੀ ਪ੍ਰਧਾਨਗੀ ਹੇਠ ਹੋਈ।
ਏਜੰਡੇ ਅਨੁਸਾਰ ਪ੍ਰਸਿੱਧ ਗ਼ਜ਼ਲਗੋ – ਸ਼ਾਇਰ ” ਵਿਰਦੰਰ ਮਾਝੀਂ” ਦਾ ਗ਼ਜ਼ਲ -ਪਾਠ ਸੀ। ਉਨ੍ਹਾਂ ਨੇ ਆਪਣੀਆਂ ਪੰਜ ਚੁਣੀਦਾਂ ਗ਼ਜ਼ਲਾ ਸੁਣਾਈਆਂ। ਗ਼ਜ਼ਲਾ ਵਿਚ ਬਿੰਬਾਂ ਦੀ ਬਣਤਰ, ਆਮ ਜੀਵਨ ਵਿਚੋਂ ਲਏ ਹਾਸੇ, ਹਾਦਸੇ ਸ਼ਬਦਬੀੜ ਨੂੰ ਸਰੋਤਿਆਂ ਨੇ ਖੂਬ ਸਲਾਹਿਆ। ਸਭ ਦੀ ਰਾਇ ਸੀ ਕਿ ਇਸ ਨੌਜਵਾਨ ਸ਼ਾਇਰ ਤੋਂ ਭਵਿੱਖ ਵਿਚ ਬੜੀਆਂ ਆਸ਼ਾਵਾਂ ਹਨ।
ਦੂਜੇ ਦੌਰ ਵਿਚ ਸ੍ਰੀ ਭੁਪਿੰਦਰ ਸਿੰਘ ਮਟੌਰਵਾਲਾ ਦੇ ਗੀਤ ਤੋਂ ਬਾਦ ਹਾਜ਼ਰ ਕਵੀਆਂ, ਹਰਿੰਦਰ ਸਿੰਘ ਹਰ, ਡਾ.ਪੰਨਾ ਲਾਲ ਮੁਸਤਫ਼ਾਬਾਦੀ, ਮੈਡਮ ਸੁਖਚਰਨ ਕੌਰ, ਸਰਵ ਸ੍ਰੀ ਬਲਵਿੰਦਰ ਸਿੰਘ ਢਿੱਲੋ, ਸਰਬਜੀਤ ਸਿੰਘ ਪੱਡਾ, ਮਹਿੰਦਰ ਸਿੰਘ ਗੋਸਲ, ਦਰਸ਼ਨ ਤਿਉਣਾ, ਮਨਦੀਪ ਸਹੋਲ, ਕੰਵਲਜੀਤ ਸਿੰਘ ਕੰਵਲ, ਐਡਵੋਕੇਟ ਬਹਾਦਰ ਸਿੰਘ ਅਤੇ ਮੈਡਮ ਚਰਨਜੀਤ ਕੌਰ ਨੇ ਕਾਵਿਕ-ਹਾਜ਼ਰੀ ਲਵਾਈ।
ਪ੍ਰਧਾਨਗੀ ਭਾਸ਼ਣ ਵਿਚ ਡਾ. ਸੁਖਵਿੰਦਰ ਸਿੰਘ ਜੀ, ਆਈ ਸਰਜਨ ਨੇ ਅੱਖਾਂ ਦੀ ਡਾਕਟਰੀ ਤੋਂ ਮਨੁੱਖੀ ਅੱਖਾਂ ਦਾ ਜੀਵਨ-ਸਫਰ ਬਿਆਨ ਕਰਦਿਆਂ, ਪੜ੍ਹੀਆਂ ਗਈਆਂ ਰਚਨਾਵਾਂ ਦੀ ਤਾਰੀਫ਼ ਕੀਤੀ। ਉਨ੍ਹਾਂ ਅਜੋਕੇ ਦੌਰ ਵਿਚ ਬਾਪ-ਬੇਟੇ ਦੇ ਰਿਸ਼ਤੇ ਦੀ ਇਕ ਪਰਤ ਨੂੰ ਲੋਕਗੀਤ ਨੁਮਾ ਸ਼ੈਲੀ ਵਿਚ ਗਾ ਕੇ ਸਰਸ਼ਾਰ ਕੀਤਾ। ਸਭਾ ਦੇ ਪ੍ਰਧਾਨ ਐਡਵੋਕੇਟ ਪਰਮਿੰਦਰ ਸਿੰਘ ਗਿੱਲ ਸਰੋਤਿਆਂ ਦਾ ਧੰਨਵਾਦ ਕੀਤਾ।





