UAE ’ਚ ਭਿਆਨਕ ਸੜਕ ਹਾਦਸਾ: ਟਰੱਕ ਨਾਲ ਟਕਰਾਈ ਯਾਤਰੀ ਬੱਸ, 13 ਦੀ ਮੌਤ, 14 ਗੰਭੀਰ ਜ਼ਖ਼ਮੀ; ਮ੍ਰਿਤਕਾਂ ’ਚ ਭਾਰਤੀ ਵੀ ਸ਼ਾਮਲ

Top Trending News ਕੌਮਾਂਤਰੀ

 

UAE ’ਚ ਭਿਆਨਕ ਸੜਕ ਹਾਦਸਾ: ਟਰੱਕ ਨਾਲ ਟਕਰਾਈ ਯਾਤਰੀ ਬੱਸ, 13 ਦੀ ਮੌਤ, 14 ਗੰਭੀਰ ਜ਼ਖ਼ਮੀ; ਮ੍ਰਿਤਕਾਂ ’ਚ ਭਾਰਤੀ ਵੀ ਸ਼ਾਮਲ

UAE, 25 ਨਵੰਬਰ 2026- ਸੰਯੁਕਤ ਅਰਬ ਅਮੀਰਾਤ (UAE) ਦੇ ਰਾਸ ਅਲ ਖੈਮਾਹ ਵਿੱਚ ਵਾਪਰੇ ਦਰਦਨਾਕ ਸੜਕ ਹਾਦਸੇ ਨੇ ਕਈ ਪਰਿਵਾਰਾਂ ਨੂੰ ਉਜਾੜ ਦਿੱਤਾ ਹੈ। ਮੰਗਲਵਾਰ ਨੂੰ ਇੱਕ ਯਾਤਰੀ ਬੱਸ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ 13 ਲੋਕਾਂ ਦੀ ਮੌਤ ਹੋ ਗਈ, ਜਦਕਿ 14 ਹੋਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਮ੍ਰਿਤਕਾਂ ਵਿੱਚ ਭਾਰਤੀ ਨਾਗਰਿਕ ਵੀ ਸ਼ਾਮਲ ਹਨ।

ਸਥਾਨਕ ਮੀਡੀਆ ਅਤੇ UAE ਦੇ ਗ੍ਰਹਿ ਮੰਤਰਾਲੇ ਅਨੁਸਾਰ ਇਹ ਹਾਦਸਾ ਅਲ ਵਤਨ ਰੋਡ ’ਤੇ ਵਾਪਰਿਆ। ਬੱਸ ਵਿੱਚ ਕੁੱਲ 41 ਯਾਤਰੀ ਸਵਾਰ ਸਨ। ਦੱਸਿਆ ਜਾ ਰਿਹਾ ਹੈ ਕਿ ਤਕਨੀਕੀ ਖ਼ਰਾਬੀ ਕਾਰਨ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਬੱਸ ਦੀ ਜ਼ੋਰਦਾਰ ਟੱਕਰ ਹੋ ਗਈ। ਸ਼ੁਰੂਆਤ ਵਿੱਚ 11 ਮੌਤਾਂ ਦੀ ਪੁਸ਼ਟੀ ਹੋਈ ਸੀ, ਪਰ ਇਲਾਜ ਦੌਰਾਨ ਦੋ ਹੋਰ ਜ਼ਖ਼ਮੀਆਂ ਦੀ ਮੌਤ ਹੋਣ ਨਾਲ ਇਹ ਅੰਕੜਾ 13 ਤੱਕ ਪਹੁੰਚ ਗਿਆ।

ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਚਲਾਏ ਗਏ ਅਤੇ ਜ਼ਖ਼ਮੀਆਂ ਨੂੰ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ। ਦੁਬਈ ਸਥਿਤ ਭਾਰਤੀ ਕੌਂਸਲੇਟ ਨੇ ਘਟਨਾ ’ਤੇ ਦੁੱਖ ਪ੍ਰਗਟ ਕਰਦਿਆਂ ਕਿਹਾ ਕਿ ਉਹ ਪੀੜਤ ਪਰਿਵਾਰਾਂ ਦੇ ਸੰਪਰਕ ਵਿੱਚ ਹੈ ਅਤੇ ਸਥਾਨਕ ਪ੍ਰਸ਼ਾਸਨ ਨਾਲ ਮਿਲ ਕੇ ਹਰ ਸੰਭਵ ਮਦਦ ਮੁਹੱਈਆ ਕਰਵਾ ਰਿਹਾ ਹੈ।

ਭਾਰਤੀ ਨਾਗਰਿਕਾਂ ਦੀ ਸਹਾਇਤਾ ਲਈ 24 ਘੰਟੇ ਦੀ ਹੈਲਪਲਾਈਨ 800-46342 ਵੀ ਜਾਰੀ ਕੀਤੀ ਗਈ ਹੈ। ਜ਼ਿਕਰਯੋਗ ਹੈ ਕਿ ਇਸ ਤੋਂ 11 ਦਿਨ ਪਹਿਲਾਂ ਫੁਜੈਰਾਹ ਵਿੱਚ 23 ਵਾਹਨਾਂ ਦੀ ਟੱਕਰ ਕਾਰਨ 14 ਲੋਕਾਂ ਦੀ ਮੌਤ ਹੋ ਗਈ ਸੀ।