Punjab News: ਸੜਕਾਂ ‘ਤੇ ਮੌਤ ਚੁੱਕੀ ਫਿਰਦੇ ਘੁੰਮਦੇ ਅਵਾਰਾ ਪਸ਼ੂ; ਵਿਅਕਤੀ ਦੀ ਗਈ ਜਾਨ

Top Trending News ਪੰਜਾਬ

 

Punjab News: ਸੜਕਾਂ ‘ਤੇ ਮੌਤ ਚੁੱਕੀ ਫਿਰਦੇ ਘੁੰਮਦੇ ਅਵਾਰਾ ਪਸ਼ੂ; ਵਿਅਕਤੀ ਦੀ ਗਈ ਜਾਨ

ਸੁਨਾਮ ਊਧਮ ਸਿੰਘ ਵਾਲਾ (ਸੰਗਰੂਰ), 25 ਨਵੰਬਰ 2026: ਸੁਨਾਮ-ਜਾਖਲ ਸੜਕ ’ਤੇ ਬੀਤੀ ਦੇਰ ਸ਼ਾਮ ਇੱਕ ਗਊ ਕਾਰਨ ਵਾਪਰੇ ਸੜਕ ਹਾਦਸੇ ਵਿੱਚ 39 ਸਾਲਾ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਮੋਟਰਸਾਈਕਲ ਸਵਾਰ ਗੰਭੀਰ ਜ਼ਖ਼ਮੀ ਹੋ ਗਿਆ। ਜ਼ਖ਼ਮੀ ਨੂੰ ਮੁੱਢਲੇ ਇਲਾਜ ਤੋਂ ਬਾਅਦ ਪਟਿਆਲਾ ਰੈਫਰ ਕਰ ਦਿੱਤਾ ਗਿਆ ਹੈ।

ਪੁਲਿਸ ਚੌਕੀ ਨਵੀਂ ਅਨਾਜ ਮੰਡੀ ਦੇ ਸਹਾਇਕ ਥਾਣੇਦਾਰ ਗੁਰਸ਼ਰਨ ਸਿੰਘ ਅਨੁਸਾਰ, ਪਿੰਡ ਰਾਮਗੜ੍ਹ ਸੰਧਵਾਂ ਦਾ ਰਹਿਣ ਵਾਲਾ ਸੁਖਵਿੰਦਰ ਸਿੰਘ ਪੁੱਤਰ ਅੰਮ੍ਰਿਤ ਸਿੰਘ ਸੁਨਾਮ ਤੋਂ ਅਮਰੂਦ ਵੇਚ ਕੇ ਮੋਟਰਸਾਈਕਲ ’ਤੇ ਘਰ ਪਰਤ ਰਿਹਾ ਸੀ। ਸ਼ਾਮ ਕਰੀਬ ਸਾਢੇ ਸੱਤ ਵਜੇ ਜਦੋਂ ਉਹ ਟਰੱਕ ਯੂਨੀਅਨ ਤੋਂ ਅੱਗੇ ਪਹੁੰਚਿਆ ਤਾਂ ਅਚਾਨਕ ਇੱਕ ਗਊ ਉਸ ਦੇ ਮੋਟਰਸਾਈਕਲ ਸਾਹਮਣੇ ਆ ਗਈ। ਇਸ ਕਾਰਨ ਉਹ ਸੰਤੁਲਨ ਗੁਆ ਕੇ ਸੜਕ ’ਤੇ ਡਿੱਗ ਪਿਆ ਅਤੇ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਪੁਲਿਸ ਮੁਤਾਬਕ, ਹਾਦਸੇ ਤੋਂ ਬਾਅਦ ਲੋਕਾਂ ਵੱਲੋਂ ਗਊ ਨੂੰ ਉੱਥੋਂ ਭਜਾਉਣ ਦੀ ਕੋਸ਼ਿਸ਼ ਕੀਤੀ ਗਈ ਤਾਂ ਉਹ ਇੱਕ ਹੋਰ ਮੋਟਰਸਾਈਕਲ ਸਵਾਰ ਦੇ ਸਾਹਮਣੇ ਆ ਗਈ। ਇਸ ਦੌਰਾਨ ਦੂਜਾ ਚਾਲਕ ਵੀ ਗੰਭੀਰ ਜ਼ਖ਼ਮੀ ਹੋ ਗਿਆ। ਉਸ ਨੂੰ ਸਿਵਲ ਹਸਪਤਾਲ ਸੁਨਾਮ ਤੋਂ ਰਜਿੰਦਰਾ ਹਸਪਤਾਲ ਪਟਿਆਲਾ ਭੇਜਿਆ ਗਿਆ ਹੈ। ਪੁਲਿਸ ਨੇ ਮ੍ਰਿਤਕ ਦੇ ਭਰਾ ਮਲਕੀਤ ਸਿੰਘ ਦੇ ਬਿਆਨਾਂ ਦੇ ਆਧਾਰ ’ਤੇ ਬੀਐੱਨਐੱਸਐੱਸ ਦੀ ਧਾਰਾ 194 ਤਹਿਤ ਕਾਰਵਾਈ ਸ਼ੁਰੂ ਕਰ ਦਿੱਤੀ ਹੈ।