- ਅਮਰਨਾਥ ਯਾਤਰਾ 3 ਜੁਲਾਈ ਤੋਂ ਹੋ ਰਹੀ ਸ਼ੁਰੂ, ਫੌਜ ਅਤੇ ਪੁਲਿਸ ਅਲਰਟ ‘ਤੇ, ਨੀਮ ਫੌਜੀ ਬਲਾਂ ਦੀਆਂ ਕੰਪਨੀਆਂ ਤਾਇਨਾਤ
ਪਠਾਨਕੋਟ, 30 ਜੂਨ (ਦੇਸ਼ ਕਲਿੱਕ ਬਿਊਰੋ) : ਸਪੈਸ਼ਲ ਡੀ.ਜੀ.ਪੀ. ਲਾਅ ਐਂਡ ਆਰਡਰ ਪੰਜਾਬ ਪੀਕੇ ਸਿਨਹਾ ਦੀ ਅਗਵਾਈ ਵਿੱਚ ਆਉਣ ਵਾਲੀ ਸ਼੍ਰੀ ਅਮਰਨਾਥ ਯਾਤਰਾ ਲਈ ਸੁਰੱਖਿਆ ਪ੍ਰਬੰਧਾਂ ਦੀ ਸਮੀਖਿਆ ਅਤੇ ਮਜ਼ਬੂਤੀ ਲਈ ਇੱਕ ਉੱਚ-ਪੱਧਰੀ ਅੰਤਰ-ਰਾਜੀ ਮੀਟਿੰਗ ਕੀਤੀ ਗਈ। ਇਸ ਮੀਟਿੰਗ ਵਿੱਚ ਆਪਰੇਸ਼ਨਲ ਤਿਆਰੀਆਂ, ਖੁਫੀਆ ਜਾਣਕਾਰੀ ਸਾਂਝੀ ਕਰਨ, ਵੱਖ-ਵੱਖ ਏਜੰਸੀਆਂ ਵਿਚਕਾਰ ਕੋਆਰਡੀਨੇਸ਼ਨ ਅਤੇ ਸਾਰੇ ਸ਼ਰਧਾਲੂਆਂ ਲਈ ਸੁਰੱਖਿਅਤ ਯਾਤਰਾ ਯਕੀਨੀ ਬਣਾਉਣ ’ਤੇ ਖਾਸ ਧਿਆਨ ਦਿੱਤਾ ਗਿਆ।
3 ਜੁਲਾਈ ਤੋਂ 28 ਅਗਸਤ ਤੱਕ ਸ਼੍ਰੀ ਅਮਰਨਾਥ ਜੀ ਦੀ ਪਵਿੱਤਰ ਯਾਤਰਾ ਲਈ ਹਜ਼ਾਰਾਂ ਸ਼ਰਧਾਲੂ ਪਠਾਨਕੋਟ ਰਾਹੀਂ ਗੁਜ਼ਰਨਗੇ, ਜੋ ਕਿ ਪਵਿੱਤਰ ਸ਼੍ਰੀ ਅਮਰਨਾਥ ਯਾਤਰਾ ਲਈ ਇੱਕ ਮੁੱਖ ਆਵਾਜਾਈ ਜ਼ਿਲ੍ਹਾ ਹੈ।
ਸ਼ਰਧਾਲੂਆਂ ਦੀ ਸੁਰੱਖਿਆ ਯਕੀਨੀ ਬਣਾਉਣ ਲਈ ਪੰਜਾਬ ਪੁਲਿਸ ਵੱਲੋਂ 5 ਸੁਰੱਖਿਆ ਸੈਕਟਰਾਂ ਵਿੱਚ 65 ਕਿਲੋਮੀਟਰ ਯਾਤਰਾ ਰੂਟਾਂ ਨੂੰ ਕਵਰ ਕਰਦਿਆਂ ਬਹੁ-ਪੱਧਰੀ ਸੁਰੱਖਿਆ ਯੋਜਨਾ ਲਾਗੂ ਕੀਤੀ ਗਈ ਹੈ, ਜਿਸ ਵਿੱਚ ਸ਼ਾਮਲ ਹਨ:
✅ ਮਾਧੋਪੁਰ ਵਿਖੇ ਕਮਾਂਡ ਅਤੇ ਕੰਟਰੋਲ ਸੈਂਟਰ
✅ 24×7 ਨਿਗਰਾਨੀ, ਨਾਕੇ ਅਤੇ ਰੂਟ ਡੋਮੀਨੇਸ਼ਨ
✅ ਸੀ.ਸੀ.ਟੀ.ਵੀ. ਨਿਗਰਾਨੀ, ਡਰੋਨ ਨਿਗਰਾਨੀ ਅਤੇ ERV ਗਸ਼ਤ
✅ ਭਾਰਤੀ ਫੌਜ, BSF, CAPF, ਹਿਮਾਚਲ ਪ੍ਰਦੇਸ਼ ਪੁਲਿਸ ਅਤੇ ਜੰਮੂ-ਕਸ਼ਮੀਰ ਪੁਲਿਸ ਨਾਲ ਸਾਂਝਾ ਆਪਰੇਸ਼ਨ
✅ ਪੁਲਿਸ QRTs, ਆਰਮੀ QRTs, SOG ਅਤੇ ਬੰਬ ਨਿਰੋਧਕ ਟੀਮਾਂ
✅ ਐਂਟੀ-ਸਾਬੋਟਾਜ਼ ਚੈਕਿੰਗ ਅਤੇ ਦੋ-ਲਾਈਨ ਬਾਰਡਰ ਸੁਰੱਖਿਆ
ਸੁਰੱਖਿਅਤ ਅਤੇ ਸ਼ਾਂਤੀਪੂਰਨ ਯਾਤਰਾ ਨੂੰ ਯਕੀਨੀ ਬਣਾਉਣ ਲਈ 800 ਤੋਂ ਵੱਧ ਪੁਲਿਸ ਕਰਮਚਾਰੀ ਅਤੇ ਰਿਸਪਾਂਸ ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ। ਸ਼ਰਧਾਲੂਆਂ ਨੂੰ ਚੌਕਸ ਰਹਿਣ, ਅਧਿਕਾਰਤ ਰੂਟਾਂ ਦੀ ਪਾਲਣਾ ਕਰਨ ਅਤੇ ਸੁਰੱਖਿਆ ਬਲਾਂ ਨਾਲ ਸਹਿਯੋਗ ਕਰਨ ਦੀ ਬੇਨਤੀ ਕੀਤੀ ਗਈ ਹੈ।
ਦੱਸ ਦਈਏ ਕਿ ਇਸ ਵਾਰ, ਸੁਰੱਖਿਆ ਪ੍ਰਬੰਧਾਂ ਵਿੱਚ ਫੌਜ, ਹਵਾਈ ਸੈਨਾ, ਬੀਐਸਐਫ ਅਤੇ ਪੰਜਾਬ ਪੁਲਿਸ ਦੀਆਂ ਸਥਾਨਕ ਤਾਇਨਾਤੀਆਂ ਸ਼ਾਮਲ ਹਨ, ਨਾਲ ਹੀ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਮੁਹੱਈਆ ਕਰਵਾਈਆਂ ਗਈਆਂ ਅਰਧ ਸੈਨਿਕ ਬਲਾਂ ਦੀਆਂ ਨੌਂ ਕੰਪਨੀਆਂ ਵੀ ਸ਼ਾਮਲ ਹਨ। ਇਨ੍ਹਾਂ ਕੰਪਨੀਆਂ ਨੂੰ ਸੰਵੇਦਨਸ਼ੀਲ ਥਾਵਾਂ ‘ਤੇ ਤਾਇਨਾਤ ਕੀਤਾ ਜਾ ਰਿਹਾ ਹੈ, ਆਉਣ ਵਾਲੇ ਦਿਨਾਂ ਵਿੱਚ ਹੋਰ ਕੰਪਨੀਆਂ ਮਿਲਣ ਦੀ ਉਮੀਦ ਹੈ।



