ਵੱਡੀ ਖ਼ਬਰ: ਬੰਬੀਹਾ ਗੈਂਗ ਅਤੇ ਪੁਲਿਸ ਵਿਚਾਲੇ ਗੋਲੀਬਾਰੀ; 4 ਬਦਮਾਸ਼ ਕਾਬੂ- ਵਿਦੇਸ਼ੀ ਹਥਿਆਰ ਬਰਾਮਦ

Top Trending News ਪੰਜਾਬ

 

ਵੱਡੀ ਖ਼ਬਰ: ਬੰਬੀਹਾ ਗੈਂਗ ਅਤੇ ਪੁਲਿਸ ਵਿਚਾਲੇ ਗੋਲੀਬਾਰੀ; 4 ਬਦਮਾਸ਼ ਕਾਬੂ- ਵਿਦੇਸ਼ੀ ਹਥਿਆਰ ਬਰਾਮਦ

ਬਠਿੰਡਾ, 1 ਜੁਲਾਈ 2026

ਪੰਜਾਬ ਵਿੱਚ ਗੈਂਗਸਟਰਾਂ ਖ਼ਿਲਾਫ਼ ਵਿੱਢੀ ਮੁਹਿੰਮ ਤਹਿਤ ਐਂਟੀ ਗੈਂਗਸਟਰ ਟਾਸਕ ਫੋਰਸ (AGTF) ਅਤੇ ਬਠਿੰਡਾ ਪੁਲਿਸ ਨੂੰ ਉਸ ਸਮੇਂ ਵੱਡੀ ਸਫ਼ਲਤਾ ਮਿਲੀ ਜਦੋਂ ਮੰਗਲਵਾਰ ਨੂੰ ਬਠਿੰਡਾ-ਸਰਹਿੰਦ ਨਹਿਰ ‘ਤੇ ਪਿੰਡ ਗੋਬਿੰਦਪੁਰਾ ਦੇ ਨਜ਼ਦੀਕ ਪੁਲਿਸ ਅਤੇ ਕਥਿਤ ਤੌਰ ‘ਤੇ ਬੰਬੀਹਾ ਗਰੁੱਪ ਨਾਲ ਜੁੜੇ ਗੈਂਗਸਟਰਾਂ ਵਿਚਾਲੇ ਸਿੱਧਾ ਮੁਕਾਬਲਾ ਹੋ ਗਿਆ। ਇਸ ਗੋਲੀਬਾਰੀ ਦੌਰਾਨ ਇੱਕ ਮੁਲਜ਼ਮ ਲੱਤ ਵਿੱਚ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ, ਜਦਕਿ ਉਸਦੇ ਤਿੰਨ ਸਾਥੀਆਂ ਨੂੰ ਪੁਲਿਸ ਨੇ ਘੇਰਾਬੰਦੀ ਕਰਕੇ ਮੌਕੇ ਤੋਂ ਹੀ ਦਬੋਚ ਲਿਆ।

ਥਾਣਾ ਕੈਂਟ ਦੇ ਐੱਸ.ਐੱਚ.ਓ. ਰਘਵੀਰ ਸਿੰਘ ਬੰਗੀ ਨੇ ਘਟਨਾ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਪੁਲਿਸ ਟੀਮਾਂ ਵੱਲੋਂ ਮੁਲਜ਼ਮਾਂ ਦਾ ਪਿੱਛਾ ਕੀਤਾ ਜਾ ਰਿਹਾ ਸੀ। ਘੇਰੇ ਜਾਣ ‘ਤੇ ਗੈਂਗਸਟਰਾਂ ਨੇ ਪੁਲਿਸ ਪਾਰਟੀ ‘ਤੇ ਅੰਨ੍ਹੇਵਾਹ ਫਾਇਰਿੰਗ ਸ਼ੁਰੂ ਕਰ ਦਿੱਤੀ। ਪੁਲਿਸ ਵੱਲੋਂ ਆਤਮ-ਰੱਖਿਆ ਵਿੱਚ ਕੀਤੀ ਜਵਾਬੀ ਕਾਰਵਾਈ ਦੌਰਾਨ ਇੱਕ ਮੁਲਜ਼ਮ ਗੁਰਵਿੰਦਰ ਸਿੰਘ ਗੋਲੀ ਲੱਗਣ ਕਾਰਨ ਜ਼ਖ਼ਮੀ ਹੋ ਗਿਆ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਉਸਦੇ ਬਾਕੀ ਤਿੰਨ ਸਾਥੀਆਂ, ਜਿਨ੍ਹਾਂ ਦੀ ਪਛਾਣ ਜਸ਼ਨ, ਸੁਖਚੈਨ ਅਤੇ ਗੁਰਦੀਪ ਵਜੋਂ ਹੋਈ ਹੈ, ਨੂੰ ਹਿਰਾਸਤ ਵਿੱਚ ਲੈ ਲਿਆ।

ਮੁਕਾਬਲੇ ਤੋਂ ਬਾਅਦ ਪੁਲਿਸ ਨੇ ਮੁਲਜ਼ਮਾਂ ਕੋਲੋਂ ਭਾਰੀ ਮਾਤਰਾ ਵਿੱਚ ਅਸਲ੍ਹਾ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਤਲਾਸ਼ੀ ਦੌਰਾਨ ਦੋਸ਼ੀਆਂ ਦੇ ਕਬਜ਼ੇ ਵਿੱਚੋਂ ਇੱਕ ਆਧੁਨਿਕ 9 ਐੱਮਐੱਮ ਗਲੌਕ (Glock) ਪਿਸਤੌਲ ਅਤੇ ਇੱਕ .30 ਬੋਰ ਪਿਸਤੌਲ ਬਰਾਮਦ ਕੀਤੀ ਗਈ ਹੈ।

ਐੱਸ.ਐੱਚ.ਓ. ਅਨੁਸਾਰ ਫੜੇ ਗਏ ਇਹ ਗੈਂਗਸਟਰ ਪੁਲਿਸ ਨੂੰ ਪਹਿਲਾਂ ਹੀ ਇੱਕ ਸੰਗੀਨ ਮਾਮਲੇ ਵਿੱਚ ਲੋੜੀਂਦੇ ਸਨ। ਕੁਝ ਦਿਨ ਪਹਿਲਾਂ ਇਨ੍ਹਾਂ ਮੁਲਜ਼ਮਾਂ ਨੇ ਥਾਣਾ ਭਗਤਾ ਭਾਈ ਕਾ ਦੇ ਅਧੀਨ ਆਉਂਦੇ ਇੱਕ ਪਿੰਡ ਵਿੱਚ ਜਾ ਕੇ ਸ਼ਰੇਆਮ ਗੁੰਡਾਗਰਦੀ ਕੀਤੀ ਸੀ ਅਤੇ ਉੱਥੇ ਮੌਜੂਦ ਨੌਜਵਾਨਾਂ ‘ਤੇ ਤਾਬੜਤੋੜ ਗੋਲੀਆਂ ਚਲਾਈਆਂ ਸਨ। ਉਸ ਖੂਨੀ ਝੜਪ ਵਿੱਚ ਤਿੰਨ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਏ ਸਨ, ਜਿਸ ਤੋਂ ਬਾਅਦ ਪੁਲਿਸ ਵੱਲੋਂ ਇਨ੍ਹਾਂ ਖ਼ਿਲਾਫ਼ ਐੱਫ.ਆਈ.ਆਰ. (FIR) ਦਰਜ ਕਰਕੇ ਵੱਖ-ਵੱਖ ਟੀਮਾਂ ਵੱਲੋਂ ਇਨ੍ਹਾਂ ਦੀ ਭਾਲ ਕੀਤੀ ਜਾ ਰਹੀ ਸੀ।

ਪੁਲਿਸ ਨੇ ਚਾਰੇ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰਕੇ ਅਗਲੇਰੀ ਪੁੱਛਗਿੱਛ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਨੂੰ ਉਮੀਦ ਹੈ ਕਿ ਰਿਮਾਂਡ ਦੌਰਾਨ ਇਨ੍ਹਾਂ ਕੋਲੋਂ ਕਈ ਹੋਰ ਵਾਰਦਾਤਾਂ ਅਤੇ ਗੈਂਗਸਟਰ ਨੈੱਟਵਰਕ ਨਾਲ ਜੁੜੇ ਵੱਡੇ ਖੁਲਾਸੇ ਹੋ ਸਕਦੇ ਹਨ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।