Canada ਤੋਂ ਆਈ ਰੂਹ ਕੰਬਾਊ ਖ਼ਬਰ: ਪੰਜਾਬ ਦੇ 2 ਗੱਭਰੂਆਂ ਦੀ ਮੌਤ

Top Trending News ਪੰਜਾਬ

 

Canada ਤੋਂ ਆਈ ਰੂਹ ਕੰਬਾਊ ਖ਼ਬਰ: ਪੰਜਾਬ ਦੇ 2 ਗੱਭਰੂਆਂ ਦੀ ਮੌਤ

ਬਰਨਾਲਾ/ਤਪਾ ਮੰਡੀ, 07 ਜੁਲਾਈ 2026-

ਕੈਨੇਡਾ ਦੇ ਸ਼ਹਿਰ ਮਾਂਟਰੀਅਲ ਤੋਂ ਇੱਕ ਬੇਹੱਦ ਦੁਖਦਾਈ ਅਤੇ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੋਂ ਦੀ ਪ੍ਰਸਿੱਧ ‘ਲਾਚੀਨ ਨਹਿਰ’ (Lachine Canal) ਵਿੱਚ ਡੁੱਬਣ ਕਾਰਨ ਪੰਜਾਬ ਦੇ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਗਈ ਹੈ। ਮ੍ਰਿਤਕਾਂ ਦੀ ਪਛਾਣ ਜ਼ਿਲ੍ਹਾ ਬਰਨਾਲਾ ਦੇ ਕਸਬਾ ਤਪਾ ਮੰਡੀ ਦੇ ਰਹਿਣ ਵਾਲੇ 26 ਸਾਲਾ ਲਵਪ੍ਰੀਤ ਸਿੰਘ ਅਤੇ ਅੰਮ੍ਰਿਤਸਰ ਸਾਹਿਬ ਜ਼ਿਲ੍ਹੇ ਦੇ ਪਿੰਡ ਬੁਤਾਲਾ (ਨੌਰੰਗਪੁਰ) ਦੇ ਇੱਕ ਹੋਰ ਨੌਜਵਾਨ ਵਜੋਂ ਹੋਈ ਹੈ।

ਇਹ ਹਾਦਸਾ ਉਸ ਵੇਲੇ ਵਾਪਰਿਆ ਜਦੋਂ ਇਹ ਦੋਵੇਂ ਦੋਸਤ ਨਹਿਰ ਦੇ ਕਿਨਾਰੇ ਮੌਜੂਦ ਸਨ ਅਤੇ ਅਚਾਨਕ ਅੰਮ੍ਰਿਤਸਰ ਦੇ ਨੌਜਵਾਨ ਦਾ ਪੈਰ ਫਿਸਲ ਗਿਆ। ਆਪਣੇ ਜਿਗਰੀ ਦੋਸਤ ਨੂੰ ਪਾਣੀ ਵਿੱਚ ਡੁੱਬਦਾ ਦੇਖ ਲਵਪ੍ਰੀਤ ਸਿੰਘ ਨੇ ਬਹਾਦਰੀ ਦਿਖਾਉਂਦੇ ਹੋਏ ਉਸ ਨੂੰ ਬਚਾਉਣ ਲਈ ਬਿਨਾਂ ਸੋਚੇ-ਸਮਝੇ ਨਹਿਰ ਵਿੱਚ ਛਾਲ ਮਾਰ ਦਿੱਤੀ। ਪਰ ਅਫ਼ਸੋਸ ਕਿ ਪਾਣੀ ਦਾ ਵਹਾਅ ਤੇਜ਼ ਅਤੇ ਡੂੰਘਾ ਹੋਣ ਕਾਰਨ ਉਹ ਆਪਣੇ ਦੋਸਤ ਨੂੰ ਬਚਾਉਂਦਾ-ਬਚਾਉਂਦਾ ਖ਼ੁਦ ਵੀ ਡੁੱਬ ਗਿਆ।

ਸੂਚਨਾ ਮਿਲਦੇ ਹੀ ਕੈਨੇਡੀਅਨ ਪ੍ਰਸ਼ਾਸਨ, ਪੁਲਿਸ ਅਤੇ ਕੋਸਟ ਗਾਰਡ ਵੱਲੋਂ ਸੋਨਾਰ ਉਪਕਰਨਾਂ ਦੀ ਮਦਦ ਨਾਲ ਅੱਧੀ ਰਾਤ ਤੱਕ ਇੱਕ ਵੱਡਾ ਸਰਚ ਆਪ੍ਰੇਸ਼ਨ ਚਲਾਇਆ ਗਿਆ। ਕਈ ਘੰਟਿਆਂ ਦੀ ਮੁਸ਼ੱਕਤ ਤੋਂ ਬਾਅਦ ਦੋਵਾਂ ਦੀਆਂ ਦੇਹਾਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਐਲਾਨ ਦਿੱਤਾ।

ਇਸ ਦਿਲ ਕੰਬਾਊ ਘਟਨਾ ਨੇ ਤਪਾ ਮੰਡੀ ਦੇ ਰਹਿਣ ਵਾਲੇ ਸਾਬਕਾ ਫ਼ੌਜੀ ਬਲਵੀਰ ਸਿੰਘ ਦੇ ਪੂਰੇ ਪਰਿਵਾਰ ਨੂੰ ਝੰਜੋੜ ਕੇ ਰੱਖ ਦਿੱਤਾ ਹੈ। ਮ੍ਰਿਤਕ ਲਵਪ੍ਰੀਤ ਸਿੰਘ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ, ਜੋ ਕਰੀਬ ਢਾਈ ਸਾਲ ਪਹਿਲਾਂ ਵਰਕ ਪਰਮਿਟ ‘ਤੇ ਕੈਨੇਡਾ ਗਿਆ ਸੀ ਅਤੇ ਉੱਥੇ ਇੱਕ ਕੰਪਨੀ ਵਿੱਚ ਟ੍ਰਾਲਾ ਡ੍ਰਾਈਵਰ ਵਜੋਂ ਕੰਮ ਕਰ ਰਿਹਾ ਸੀ।

ਦੇਸ਼ ਦੀ ਸੇਵਾ ਕਰ ਚੁੱਕੇ ਪਿਤਾ ਬਲਵੀਰ ਸਿੰਘ (CRPF ਸਾਬਕਾ ਮੁਲਾਜ਼ਮ) ਨੇ ਆਪਣੇ ਪੁੱਤਰ ਦੇ ਉੱਜਲ ਭਵਿੱਖ ਲਈ ਆਪਣੀ ਸਾਰੀ 2 ਏਕੜ ਜ਼ਮੀਨ ਵੇਚ ਕੇ ਕਰੀਬ 29 ਲੱਖ ਰੁਪਏ ਲਗਾ ਕੇ ਉਸ ਨੂੰ ਕੈਨੇਡਾ ਭੇਜਿਆ ਸੀ। ਪਰਿਵਾਰ ਨੂੰ ਕੀ ਪਤਾ ਸੀ ਕਿ ਜਿਸ ਪੁੱਤ ਨੂੰ ਇੰਨੇ ਚਾਵਾਂ ਨਾਲ ਵਿਦੇਸ਼ ਤੋਰਿਆ ਹੈ, ਉੱਥੋਂ ਉਸ ਦੀ ਲਾਸ਼ ਵਾਪਸ ਆਵੇਗੀ। ਲਵਪ੍ਰੀਤ ਨੇ ਮਹਿਜ਼ 10 ਦਿਨ ਪਹਿਲਾਂ ਹੀ ਫ਼ੋਨ ‘ਤੇ ਪਰਿਵਾਰ ਨਾਲ ਹੱਸ-ਖੇਡ ਕੇ ਗੱਲ ਕੀਤੀ ਸੀ। ਹੁਣ ਇਕਲੌਤੇ ਭਰਾ ਦੀ ਮੌਤ ਤੋਂ ਬਾਅਦ ਉਸ ਦੀ ਭੈਣ ਅਤੇ ਮਾਤਾ-ਪਿਤਾ ਦਾ ਰੋ-ਰੋ ਕੇ ਬੁਰਾ ਹਾਲ ਹੈ।

ਇਸ ਗ਼ਮਗੀਨ ਮਾਹੌਲ ਵਿੱਚ ਮ੍ਰਿਤਕ ਲਵਪ੍ਰੀਤ ਦੇ ਪਰਿਵਾਰ ਨੇ ਕੇਂਦਰ ਸਰਕਾਰ, ਪੰਜਾਬ ਸਰਕਾਰ ਅਤੇ ਵਿਦੇਸ਼ਾਂ ਵਿੱਚ ਬੈਠੇ ਦਾਨੀ ਸੱਜਣਾਂ ਤੇ ਐਨ.ਆਰ.ਆਈਜ਼ (NRIs) ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੇ ਪੁੱਤਰ ਦੀ ਮ੍ਰਿਤਕ ਦੇਹ ਨੂੰ ਪੰਜਾਬ ਲਿਆਉਣ ਵਿੱਚ ਪ੍ਰਸ਼ਾਸਨਿਕ ਅਤੇ ਆਰਥਿਕ ਮਦਦ ਕੀਤੀ ਜਾਵੇ, ਤਾਂ ਜੋ ਉਹ ਆਪਣੇ ਹੱਥੀਂ ਉਸ ਦਾ ਅੰਤਿਮ ਸੰਸਕਾਰ ਕਰ ਸਕਣ। ਦੂਜੇ ਪਾਸੇ, ਅੰਮ੍ਰਿਤਸਰ ਦੇ ਦੂਜੇ ਮ੍ਰਿਤਕ ਨੌਜਵਾਨ ਦੇ ਪਿਤਾ ਸੁਖਰਾਜ ਸਿੰਘ ਅਤੇ ਮਾਤਾ ਜਸਵੰਤ ਕੌਰ ਦੇ ਘਰ ਵੀ ਮਾਤਮ ਪਸਰਿਆ ਹੋਇਆ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।