ਸ੍ਰੀ ਚਮਕੌਰ ਸਾਹਿਬ ਨਗਰ ਕੌਂਸਲ ਪ੍ਰਧਾਨਗੀ ਦੀ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ; ਕੌਂਸਲਰਾਂ ਨੇ ਚੁੱਕੀ ਸਹੁੰ, ਸਿਆਸੀ ਰੌਲਾ ਸਿਖਰਾਂ ‘ਤੇ

Top Trending News ਪੰਜਾਬ
  • ਸ੍ਰੀ ਚਮਕੌਰ ਸਾਹਿਬ ਨਗਰ ਕੌਂਸਲ ਪ੍ਰਧਾਨਗੀ ਦੀ ਚੋਣ ਅਗਲੇ ਹੁਕਮਾਂ ਤੱਕ ਮੁਲਤਵੀ; ਕੌਂਸਲਰਾਂ ਨੇ ਚੁੱਕੀ ਸਹੁੰ, ਸਿਆਸੀ ਰੌਲਾ ਸਿਖਰਾਂ ‘ਤੇ

ਸ੍ਰੀ ਚਮਕੌਰ ਸਾਹਿਬ / ਮੋਰਿੰਡਾ 6 ਜੁਲਾਈ (ਭਟੋਆ): ਨਗਰ ਕੌਂਸਲ ਸ੍ਰੀ ਚਮਕੌਰ ਸਾਹਿਬ ਦੀ ਅੱਜ ਹੋਣ ਵਾਲੀ ਪ੍ਰਧਾਨ, ਸੀਨੀਅਰ ਮੀਤ ਪ੍ਰਧਾਨ ਅਤੇ ਮੀਤ ਪ੍ਰਧਾਨ ਦੀ ਚੋਣ ਨੂੰ ਪ੍ਰਸ਼ਾਸਨ ਵੱਲੋਂ ਅਗਲੇ ਹੁਕਮਾਂ ਤੱਕ ਮੁਲਤਵੀ ਕਰ ਦਿੱਤਾ ਗਿਆ ਹੈ। ਹਾਲਾਂਕਿ, ਇਸ ਦੌਰਾਨ ਸਮੂਹ ਨਵੇਂ ਚੁਣੇ ਗਏ ਕੌਂਸਲਰਾਂ ਵੱਲੋਂ ਆਪਣੇ ਅਹੁਦੇ ਦੀ ਸਹੁੰ ਚੁੱਕ ਲਈ ਗਈ ਹੈ, ਜਿਸ ਨਾਲ ਉਹ ਹੁਣ ਆਪੋ-ਆਪਣੇ ਵਾਰਡਾਂ ਵਿੱਚ ਸਰਕਾਰੀ ਤੌਰ ‘ਤੇ ਕੰਮਕਾਜ ਕਰਨ ਲਈ ਅਧਿਕਾਰਤ ਹੋ ਗਏ ਹਨ।

ਚੋਣ ਮੁਲਤਵੀ ਹੋਣ ਸਬੰਧੀ ਜਾਣਕਾਰੀ ਦਿੰਦਿਆਂ ਐਸ. ਡੀ. ਐਮ. ਪ੍ਰਦੀਪ ਸਿੰਘ ਬੈਂਸ ਨੇ ਦੱਸਿਆ ਕਿ ਕੌਂਸਲਰਾਂ ਨੂੰ ਨੋਟੀਫਿਕੇਸ਼ਨ ਦੀਆਂ ਕਾਪੀਆਂ ਦੇਰੀ ਨਾਲ ਪੁੱਜਣ ਕਾਰਨ ਇਹ ਚੋਣ ਫਿਲਹਾਲ ਰੱਦ (ਮੁਲਤਵੀ) ਕੀਤੀ ਗਈ ਹੈ, ਕਿਉਂਕਿ ਇਸ ਸਬੰਧੀ ਕਾਂਗਰਸੀ ਕੌਂਸਲਰਾਂ ਵੱਲੋਂ ਇਤਰਾਜ਼ ਉਠਾਇਆ ਗਿਆ ਸੀ। ਜਲਦੀ ਹੀ ਕੌਂਸਲਰਾਂ ਨੂੰ ਮੁੜ ਮੀਟਿੰਗ ਲਈ ਨਿਰਧਾਰਤ ਸਮੇ ਅਨੁਸਾਰ ਸੱਦਾ ਦੇ ਕੇ ਪ੍ਰਧਾਨਗੀ ਦੀ ਚੋਣ ਪ੍ਰਕਿਰਿਆ ਨੂੰ ਨੇਪਰੇ ਚਾੜ੍ਹਿਆ ਜਾਵੇਗਾ।

ਇਸ ਚੋਣ ਨੂੰ ਲੈ ਕੇ ਪੁਲਿਸ ਪ੍ਰਸ਼ਾਸਨ ਵੱਲੋਂ ਡੀਐਸਪੀ ਮਨਜੀਤ ਸਿੰਘ ਔਲਖ ਤੇ ਐਸਐਚਓ ਇੰਸਪੈਕਟਰ ਗੁਰਵਿੰਦਰ ਸਿੰਘ ਢਿੱਲੋ ਦੀ ਅਗਵਾਈ ਹੇਠ ਨਗਰ ਕੌਂਸਲ ਦਫ਼ਤਰ ਵਿਖੇ ਮੁਕੰਮਲ ਪ੍ਰਬੰਧ ਕੀਤੇ ਗਏ ਸਨ ਅਤੇ ਸੁਰੱਖਿਆ ਦੇ ਲਿਹਾਜ਼ ਨਾਲ ਦਫ਼ਤਰ ਨੂੰ ਪੁਲਿਸ ਛਾਉਣੀ ਵਿੱਚ ਤਬਦੀਲ ਕੀਤਾ ਹੋਇਆ ਸੀ। ਪੁਲਿਸ ਵੱਲੋ ਜਿੱਥੇ ਚੁਣੇ ਹੋਏ ਕੌਂਸਲਰਾਂ ਤੋ ਬਿਨਾ ਕਿਸੇ ਵੀ ਹੋਰ ਵਿਅਕਤੀ ਨੂੰ ਚੋਣ ਸਥਾਨ ਤੇ ਨਹੀ ਜਾਣ ਦਿੱਤਾ, ਉੱਥੇ ਹੀ ਮੀਡੀਆ ਨੂੰ ਵੀ ਮੀਟਿੰਗ ਵਿੱਚ ਅੰਦਰ ਜਾਣ ਤੋ ਰੋਕਿਆ ਗਿਆ।

ਚੋਣ ਮੁਲਤਵੀ ਹੋਣ ਤੋਂ ਬਾਅਦ ਹਲਕੇ ਦੀ ਸਿਆਸਤ ਪੂਰੀ ਤਰ੍ਹਾਂ ਗਰਮਾ ਗਈ ਹੈ ਅਤੇ ਤਾਜ ਕਿਸ ਦੇ ਸਿਰ ਸਜੇਗਾ, ਇਸ ਨੂੰ ਲੈ ਕੇ ਖਿੱਚੋਤਾਣ ਜਾਰੀ ਹੈ ਅਤੇ ਸਿਆਸੀ ਪਾਰਟੀਆਂ ਵੱਲੋ ਆਪੋ-ਆਪਣੇ ਦਾਅਵੇ ਜਤਾਏ ਜਾ ਰੇ ਹਨ। ਇਸ ਮੌਕੇ ਤੇ ਕਾਂਗਰਸੀ ਕੌਂਸਲਰ ਕਿਰਪਾਲ ਸਿੰਘ ਗਿੱਲ ਨੇ ਸੱਤਾਧਿਰ ਤੇ ਨਿਸ਼ਾਨਾ ਸਾਧਦਿਆਂ ਦਾਅਵਾ ਕੀਤਾ ਕਿ ਆਮ ਆਦਮੀ ਪਾਰਟੀ ਹਰ ਹਾਲ ਵਿੱਚ ਆਪਣਾ ਪ੍ਰਧਾਨ ਬਣਾਉਣਾ ਚਾਹੁੰਦੀ ਹੈ। ਪਰ ਅੱਜ ਉਨ੍ਹਾਂ ਕੋਲ ਬਹੁਮਤ ਪੂਰਾ ਨਾ ਹੋਣ ਕਾਰਨ ਹੀ ਇਸ ਚੋਣ ਮੀਟਿੰਗ ਨੂੰ ਜਾਣਬੁੱਝ ਕੇ ਮੁਲਤਵੀ ਕੀਤਾ ਗਿਆ ਹੈ, ਜਦਕਿ ਦੂਜੇ ਪਾਸੇ, ਆਮ ਆਦਮੀ ਪਾਰਟੀ ਦੇ ਵਿਧਾਇਕ ਡਾ.ਚਰਨਜੀਤ ਸਿੰਘ ਨੇ ਕਾਂਗਰਸ ਦੇ ਦਾਅਵਿਆਂ ਨੂੰ ਨਕਾਰਦਿਆਂ ਭਰੋਸਾ ਜਤਾਇਆ ਕਿ ਨਗਰ ਕੌਂਸਲ ਦਾ ਪ੍ਰਧਾਨ ਆਪ ਦਾ ਹੀ ਬਣੇਗਾ, ਕਿਉਂਕਿ ਉਨ੍ਹਾਂ ਕੋਲ ਪੂਰਾ ਬਹੁਮਤ ਮੌਜੂਦ ਹੈ।

ਹੁਣ ਦੇਖਣਾ ਇਹ ਹੋਵੇਗਾ ਕਿ ਪ੍ਰਸ਼ਾਸਨ ਵੱਲੋਂ ਅਗਲੀ ਤਾਰੀਖ਼ ਦਾ ਐਲਾਨ ਕਦੋਂ ਕੀਤਾ ਜਾਂਦਾ ਹੈ ਅਤੇ ਸ੍ਰੀ ਚਮਕੌਰ ਸਾਹਿਬ ਦੀ ਨਗਰ ਕੌਂਸਲ ਦੀ ਕਮਾਨ ਕਿਸ ਪਾਰਟੀ ਦੇ ਹੱਥ ਆਉਂਦੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।