ਪੰਜਾਬ ‘ਚ ਭਾਰੀ ਮੀਹ ਕਾਰਨ ਦਰਦਨਾਕ ਹਾਦਸਾ; ਛੱਤ ਡਿੱਗਣ ਕਾਰਨ ਵਿਧਵਾ ਔਰਤ ਦੀ ਮੌਤ

Top Trending News ਪੰਜਾਬ

 

ਪੰਜਾਬ ‘ਚ ਭਾਰੀ ਮੀਹ ਕਾਰਨ ਦਰਦਨਾਕ ਹਾਦਸਾ; ਛੱਤ ਡਿੱਗਣ ਕਾਰਨ ਵਿਧਵਾ ਔਰਤ ਦੀ ਮੌਤ

ਸ੍ਰੀ ਮਾਛੀਵਾੜਾ ਸਾਹਿਬ, 7 ਅਗਸਤ 2026

ਮਾਛੀਵਾੜਾ ਬਲਾਕ ਦੇ ਪਿੰਡ ਸ਼ਤਾਬਗੜ੍ਹ ਵਿੱਚ ਭਾਰੀ ਮੀਂਹ ਕਾਰਨ ਇੱਕ ਦਰਦਨਾਕ ਹਾਦਸਾ ਵਾਪਰਿਆ, ਜਿੱਥੇ ਖਸਤਾ ਹਾਲਤ ਮਕਾਨ ਦੀ ਛੱਤ ਡਿੱਗਣ ਨਾਲ 38 ਸਾਲਾ ਇੰਦਰਜੀਤ ਕੌਰ ਦੀ ਮੌਤ ਹੋ ਗਈ, ਜਦਕਿ ਉਸ ਦੀ ਗੁਆਂਢਣ ਅਤੇ ਧੀ ਜ਼ਖ਼ਮੀ ਹੋ ਗਈਆਂ।

ਮਿਲੀ ਜਾਣਕਾਰੀ ਅਨੁਸਾਰ, ਹਾਦਸੇ ਸਮੇਂ ਇੰਦਰਜੀਤ ਕੌਰ ਆਪਣੀ ਧੀ ਅਤੇ ਗੁਆਂਢਣ ਨਾਲ ਘਰ ਦੇ ਅੰਦਰ ਬੈਠੀ ਹੋਈ ਸੀ। ਇਸੇ ਦੌਰਾਨ ਅਚਾਨਕ ਕਮਰੇ ਉੱਪਰ ਬਣੇ ਚੌਬਾਰੇ ਦੀ ਛੱਤ ਹੇਠਾਂ ਆ ਡਿੱਗੀ। ਚੌਬਾਰੇ ਦੀ ਛੱਤ ਦੇ ਭਾਰ ਨਾਲ ਹੇਠਾਂ ਵਾਲੇ ਕਮਰੇ ਦੀ ਛੱਤ ਵੀ ਢਹਿ ਗਈ, ਜਿਸ ਕਾਰਨ ਤਿੰਨੇ ਜਣੀਆਂ ਮਲਬੇ ਹੇਠਾਂ ਦੱਬ ਗਈਆਂ। ਚੀਕ-ਚਿਹਾੜਾ ਸੁਣ ਕੇ ਤੁਰੰਤ ਮੌਕੇ ‘ਤੇ ਪਹੁੰਚੇ ਪਿੰਡ ਵਾਸੀਆਂ ਨੇ ਕਾਫ਼ੀ ਮੁਸ਼ੱਕਤ ਤੋਂ ਬਾਅਦ ਤਿੰਨਾਂ ਨੂੰ ਮਲਬੇ ਹੇਠੋਂ ਬਾਹਰ ਕੱਢਿਆ।

ਗੰਭੀਰ ਰੂਪ ਵਿੱਚ ਜ਼ਖ਼ਮੀ ਇੰਦਰਜੀਤ ਕੌਰ ਨੂੰ ਤੁਰੰਤ ਸਮਰਾਲਾ ਦੇ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਹਾਦਸੇ ਵਿੱਚ ਜ਼ਖ਼ਮੀ ਹੋਈ ਗੁਆਂਢਣ ਨੂੰ ਮੁੱਢਲੀ ਸਹਾਇਤਾ ਤੋਂ ਬਾਅਦ ਛੁੱਟੀ ਦੇ ਦਿੱਤੀ ਗਈ ਹੈ, ਜਦਕਿ ਧੀ ਦੇ ਮਾਮੂਲੀ ਸੱਟਾਂ ਲੱਗੀਆਂ ਹਨ। ਖ਼ੁਸ਼ਕਿਸਮਤੀ ਨਾਲ, ਪਰਿਵਾਰ ਦੇ ਦੋ ਹੋਰ ਬੱਚੇ ਸਕੂਲ ਗਏ ਹੋਣ ਕਰਕੇ ਬਚ ਗਏ।

ਦੱਸਣਯੋਗ ਹੈ ਕਿ ਇੰਦਰਜੀਤ ਕੌਰ ਪਹਿਲਾਂ ਹੀ ਵਿਧਵਾ ਸੀ। ਉਸ ਦੀ ਬੇਵਕਤੀ ਮੌਤ ਤੋਂ ਬਾਅਦ ਹੁਣ ਘਰ ਵਿੱਚ ਉਸ ਦੀ ਬਜ਼ੁਰਗ ਦਾਦੀ ਅਤੇ ਤਿੰਨ ਛੋਟੇ ਬੱਚੇ ਹੀ ਰਹਿ ਗਏ ਹਨ। ਇਸ ਹਾਦਸੇ ਵਿੱਚ ਉਨ੍ਹਾਂ ਦਾ ਮਕਾਨ ਵੀ ਪੂਰੀ ਤਰ੍ਹਾਂ ਨੁਕਸਾਨਿਆ ਗਿਆ ਹੈ। ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਮੋਰਚਰੀ ਵਿੱਚ ਰਖਵਾ ਦਿੱਤਾ ਹੈ। ਹਾਦਸੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਪਿੰਡ ਵਾਸੀਆਂ ਅਤੇ ਪੰਚਾਇਤ ਨੇ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਇਸ ਬੇਸਹਾਰਾ ਪੀੜਤ ਪਰਿਵਾਰ ਨੂੰ ਤੁਰੰਤ ਯੋਗ ਆਰਥਿਕ ਮਦਦ ਅਤੇ ਰਹਿਣ ਲਈ ਨਵਾਂ ਮਕਾਨ ਮੁਹੱਈਆ ਕਰਵਾਇਆ ਜਾਵੇ।