ਸਰਕਾਰੀ ਸਕੂਲ ਦੇ ਪ੍ਰਬੰਧਾਂ ’ਤੇ ਸਵਾਲ ਚੁੱਕਣ ਵਾਲੇ CJP ਆਗੂ ਅਭਿਜੀਤ ਦੀਪਕੇ ਸਮੇਤ 5 ਖ਼ਿਲਾਫ਼ ਕੇਸ ਦਰਜ
ਮਹਾਰਾਸ਼ਟਰ, 23 ਅਗਸਤ 2026
ਲਾਤੂਰ ਜ਼ਿਲ੍ਹੇ ਦੇ ਔਸਾ ਵਿੱਚ ਇੱਕ ਸਰਕਾਰੀ ਸਕੂਲ ਦੇ ਪ੍ਰਬੰਧਾਂ ਨੂੰ ਲੈ ਕੇ ਉੱਠਿਆ ਵਿਵਾਦ ਹੁਣ ਪੁਲਿਸ ਕਾਰਵਾਈ ਤੱਕ ਪਹੁੰਚ ਗਿਆ ਹੈ। ‘ਸਕੂਲ ਠੀਕ ਕਰੋ’ ਮੁਹਿੰਮ ਤਹਿਤ ਸਕੂਲ ਦਾ ਨਿਰੀਖਣ ਕਰਨ ਪਹੁੰਚੇ ਕਾਕਰੋਚ ਜਨਤਾ ਪਾਰਟੀ (CJP) ਦੇ ਸੰਸਥਾਪਕ ਅਭਿਜੀਤ ਦੀਪਕੇ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ। ਇਹ ਕਾਰਵਾਈ ਸਕੂਲ ਦੇ ਅਧਿਆਪਕਾਂ ਵੱਲੋਂ ਕੀਤੀ ਸ਼ਿਕਾਇਤ ਦੇ ਆਧਾਰ ’ਤੇ ਕੀਤੀ ਗਈ।
ਦੱਸਿਆ ਗਿਆ ਹੈ ਕਿ ਦੀਪਕੇ ਨੇ ਸਕੂਲ ਦੇ ਦੌਰੇ ਦੌਰਾਨ ਦਾਅਵਾ ਕੀਤਾ ਸੀ ਕਿ ਬੱਚਿਆਂ ਨੂੰ ਖਾਣਾ ਪਰੋਸਣ ਲਈ ਨਵੀਆਂ ਪਲੇਟਾਂ ਲਿਆਂਦੀਆਂ ਗਈਆਂ ਸਨ। ਉਨ੍ਹਾਂ ਦੋਸ਼ ਲਾਇਆ ਕਿ ਨਿਰੀਖਣ ਦੀ ਜਾਣਕਾਰੀ ਮਿਲਣ ਤੋਂ ਬਾਅਦ ਇਹ ਪ੍ਰਬੰਧ ਕੀਤਾ ਗਿਆ। ਉਨ੍ਹਾਂ ਇਹ ਵੀ ਦਾਅਵਾ ਕੀਤਾ ਕਿ ਖਾਣਾ ਖਾਣ ਲਈ ਬੈਠੇ ਕੁਝ ਬੱਚੇ ਉਸ ਸਕੂਲ ਦੇ ਵਿਦਿਆਰਥੀ ਨਹੀਂ ਸਨ ਅਤੇ ਹੋਰ ਸਕੂਲ ਤੋਂ ਬੁਲਾਏ ਗਏ ਸਨ।
ਉਧਰ, ਅਧਿਆਪਕਾਂ ਦੀ ਸ਼ਿਕਾਇਤ ਵਿੱਚ ਦੋਸ਼ ਲਾਇਆ ਗਿਆ ਕਿ ਦੀਪਕੇ ਅਤੇ ਉਨ੍ਹਾਂ ਦੇ ਸਾਥੀਆਂ ਨੇ ਬਿਨਾਂ ਇਜਾਜ਼ਤ ਸਕੂਲ ਕੈਂਪਸ ਵਿੱਚ ਦਾਖਲ ਹੋ ਕੇ ਕਲਾਸਾਂ ਵਿੱਚ ਵਿਦਿਆਰਥੀਆਂ ਤੋਂ ਸਵਾਲ ਕੀਤੇ ਅਤੇ ਤਸਵੀਰਾਂ ਖਿੱਚੀਆਂ। ਇਤਰਾਜ਼ ਕਰਨ ’ਤੇ ਕਥਿਤ ਤੌਰ ’ਤੇ ਬਦਸਲੂਕੀ ਅਤੇ ਮੁਅੱਤਲੀ ਦੀ ਧਮਕੀ ਦੇਣ ਦੇ ਵੀ ਦੋਸ਼ ਹਨ। ਔਸਾ ਪੁਲਿਸ ਨੇ ਅਭਿਜੀਤ ਦੀਪਕੇ, ਅਜਿੰਕਿਆ ਸ਼ਿੰਦੇ ਸਮੇਤ ਪੰਜ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।





