ਅਮਰੀਕਾ ’ਚ ਲੁੱਟ ਦੌਰਾਨ ਭਾਰਤੀ ਵਿਅਕਤੀ ਦੀ ਗੋਲੀ ਮਾਰ ਕੇ ਹੱਤਿਆ
ਜੈਕਸਨ, 23 ਅਗਸਤ 2026: ਅਮਰੀਕਾ ਦੇ ਟੈਨੇਸੀ ਸੂਬੇ ਦੇ ਜੈਕਸਨ ਸ਼ਹਿਰ ਵਿੱਚ ਹਥਿਆਰਬੰਦ ਲੁੱਟ ਦੌਰਾਨ 56 ਸਾਲਾ ਗੁਜਰਾਤੀ ਵਿਅਕਤੀ ਸੁਰੇਸ਼ ਪਟੇਲ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ। ਸਭ ਤੋਂ ਦੁਖਦਾਈ ਗੱਲ ਇਹ ਰਹੀ ਕਿ ਗੋਲੀਬਾਰੀ ਸਮੇਂ ਸੁਰੇਸ਼ ਪਟੇਲ ਦੀ 19 ਸਾਲਾ ਧੀ ਵੀ ਉਨ੍ਹਾਂ ਦੇ ਬਿਲਕੁਲ ਨਾਲ ਖੜ੍ਹੀ ਸੀ। ਹਾਲਾਂਕਿ ਉਹ ਇਸ ਘਟਨਾ ਵਿੱਚ ਵਾਲ-ਵਾਲ ਬਚ ਗਈ।
ਜੈਕਸਨ ਪੁਲਿਸ ਵਿਭਾਗ ਮੁਤਾਬਕ ਵਾਰਦਾਤ ਵੀਰਵਾਰ ਰਾਤ ਕਰੀਬ 9 ਵਜੇ ਰਿਜਕ੍ਰੈਸਟ ਰੋਡ ਸਥਿਤ ਰਿਜਕ੍ਰੈਸਟ ਸੈਲਰਜ਼ ਵਾਈਨ ਐਂਡ ਸਪਿਰਿਟਸ ਸਟੋਰ ਵਿੱਚ ਵਾਪਰੀ। ਇੱਕ ਨਕਾਬਪੋਸ਼ ਹਥਿਆਰਬੰਦ ਵਿਅਕਤੀ ਦੁਕਾਨ ਵਿੱਚ ਦਾਖ਼ਲ ਹੋਇਆ ਅਤੇ ਕਰਮਚਾਰੀਆਂ ਤੋਂ ਨਕਦੀ ਦੀ ਮੰਗ ਕੀਤੀ। ਪੈਸੇ ਲੈਣ ਤੋਂ ਬਾਅਦ ਸ਼ੱਕੀ ਨੇ ਦੁਕਾਨ ਅੰਦਰ ਕਈ ਗੋਲੀਆਂ ਚਲਾਈਆਂ, ਜਿਸ ਦੀ ਲਪੇਟ ਵਿੱਚ ਸੁਰੇਸ਼ ਪਟੇਲ ਆ ਗਏ ਅਤੇ ਮੌਕੇ ’ਤੇ ਹੀ ਉਨ੍ਹਾਂ ਦੀ ਮੌਤ ਹੋ ਗਈ।
ਪੁਲਿਸ ਨੇ ਦੱਸਿਆ ਕਿ ਸ਼ੱਕੀ ਨੇ ਸਲੇਟੀ ਰੰਗ ਦੀ ਹੁੱਡੀ, ਜੀਨਜ਼ ਅਤੇ ਕਾਲੇ ਬੂਟ ਪਹਿਨੇ ਹੋਏ ਸਨ ਅਤੇ ਚਿਹਰਾ ਪੇਂਟਬਾਲ ਸਟਾਈਲ ਦੇ ਮਾਸਕ ਨਾਲ ਢੱਕਿਆ ਹੋਇਆ ਸੀ। ਵਾਰਦਾਤ ਤੋਂ ਬਾਅਦ ਉਹ ਚਿੱਟੀ ਕਾਰ ਵਿੱਚ ਫਰਾਰ ਹੋ ਗਿਆ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸ਼ੱਕੀ ਦੀ ਭਾਲ ਜਾਰੀ ਹੈ।





