Breaking- ਰਾਹੁਲ ਗਾਂਧੀ ਦੇ ਪ੍ਰਦਰਸ਼ਨ ਦੌਰਾਨ ਪੁਲਿਸ ਥਾਣੇ ਦੀ ਕੰਧ ਨੂੰ ਨੁਕਸਾਨ ਪਹੁੰਚਾਉਣ ਦੇ ਦੋਸ਼ ‘ਚ ਵਿਅਕਤੀ ਕਾਬੂ
ਨਵੀਂ ਦਿੱਲੀ, 23 ਅਗਸਤ 2026: ਦਿੱਲੀ ਪੁਲਿਸ ਨੇ 21 ਅਗਸਤ ਨੂੰ ਕਾਂਗਰਸ ਆਗੂ ਰਾਹੁਲ ਗਾਂਧੀ ਦੇ ਸੰਸਦ ਮਾਰਗ ਪੁਲਿਸ ਥਾਣੇ ਦੇ ਬਾਹਰ ਪ੍ਰਦਰਸ਼ਨ ਦੌਰਾਨ ਥਾਣੇ ਦੀ ਕੰਧ ’ਤੇ ਗ੍ਰੈਫਿਟੀ ਬਣਾਉਣ ਅਤੇ ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਹੈ। ਇਹ ਜਾਣਕਾਰੀ ਪੁਲਿਸ ਸੂਤਰਾਂ ਦੇ ਹਵਾਲੇ ਨਾਲ ਸਾਹਮਣੇ ਆਈ ਹੈ।
ਪੁਲਿਸ ਮੁਤਾਬਕ, ਇਸ ਮਾਮਲੇ ਵਿੱਚ ‘ਦਿੱਲੀ ਪ੍ਰਿਵੈਂਸ਼ਨ ਆਫ਼ ਡਿਫੇਸਮੈਂਟ ਆਫ਼ ਪ੍ਰਾਪਰਟੀ ਐਕਟ’ ਤਹਿਤ ਐਫਆਈਆਰ ਦਰਜ ਕੀਤੀ ਗਈ ਸੀ। ਜਾਂਚ ਦੌਰਾਨ ਪੁਲਿਸ ਨੇ ਮੌਕੇ ’ਤੇ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ, ਜਿਸ ਦੇ ਆਧਾਰ ’ਤੇ ਕਥਿਤ ਦੋਸ਼ੀ ਦੀ ਪਛਾਣ ਕੀਤੀ ਗਈ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।
ਹਾਲਾਂਕਿ, ਗ੍ਰਿਫ਼ਤਾਰੀ ਤੋਂ ਬਾਅਦ ਦੋਸ਼ੀ ਨੂੰ ਜ਼ਮਾਨਤ ਮਿਲ ਗਈ। ਪੁਲਿਸ ਸੂਤਰਾਂ ਅਨੁਸਾਰ ਐਫਆਈਆਰ ਵਿੱਚ ਦਰਜ ਧਾਰਾਵਾਂ ਜ਼ਮਾਨਤੀ ਅਪਰਾਧਾਂ ਨਾਲ ਸਬੰਧਤ ਹੋਣ ਕਾਰਨ ਉਸ ਨੂੰ ਜ਼ਮਾਨਤ ਦਿੱਤੀ ਗਈ।
ਜ਼ਿਕਰਯੋਗ ਹੈ ਕਿ 21 ਅਗਸਤ ਨੂੰ ਰਾਹੁਲ ਗਾਂਧੀ ਨੇ ਵਿਦਿਆਰਥੀ ਸਾਹਿਲ ਲੋਚਬ ਦੀ ਸ਼ਿਕਾਇਤ ’ਤੇ ਐਫਆਈਆਰ ਦਰਜ ਕਰਨ ਦੀ ਮੰਗ ਨੂੰ ਲੈ ਕੇ ਸੰਸਦ ਮਾਰਗ ਪੁਲਿਸ ਥਾਣੇ ਦੇ ਬਾਹਰ ਧਰਨਾ ਦਿੱਤਾ ਸੀ। ਲਗਭਗ ਸੱਤ ਘੰਟਿਆਂ ਦੇ ਪ੍ਰਦਰਸ਼ਨ ਤੋਂ ਬਾਅਦ ਦਿੱਲੀ ਪੁਲਿਸ ਨੇ ਸਾਹਿਲ ਦੀ ਸ਼ਿਕਾਇਤ ’ਤੇ ਐਫਆਈਆਰ ਦਰਜ ਕੀਤੀ ਸੀ।





