ਅਮਰੀਕਾ ’ਚ ਵੱਡਾ ਹਵਾਈ ਹਾਦਸਾ ਟਲਿਆ! ਉਡਾਣ ਦੌਰਾਨ ਲੈਪਟਾਪ ਨੂੰ ਲੱਗੀ ਅੱਗ, 133 ਯਾਤਰੀਆਂ ਦੀ ਜਾਨ ਬਚੀ

Top Trending News ਕੌਮਾਂਤਰੀ

 

ਅਮਰੀਕਾ ’ਚ ਵੱਡਾ ਹਵਾਈ ਹਾਦਸਾ ਟਲਿਆ! ਉਡਾਣ ਦੌਰਾਨ ਲੈਪਟਾਪ ਨੂੰ ਲੱਗੀ ਅੱਗ, 133 ਯਾਤਰੀਆਂ ਦੀ ਜਾਨ ਬਚੀ

ਡਲਾਸ, 23 ਅਗਸਤ 2026: ਅਮਰੀਕਾ ਵਿੱਚ ਇੱਕ ਯਾਤਰੀ ਜਹਾਜ਼ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਿਆ। ਅਟਲਾਂਟਾ ਤੋਂ ਡਲਾਸ-ਫੋਰਟ ਵਰਥ ਜਾ ਰਹੀ ਅਮਰੀਕਨ ਏਅਰਲਾਈਨਜ਼ ਦੀ ਫਲਾਈਟ ਵਿੱਚ ਲੈਂਡਿੰਗ ਤੋਂ ਥੋੜ੍ਹੀ ਦੇਰ ਪਹਿਲਾਂ ਇੱਕ ਯਾਤਰੀ ਦੇ ਲੈਪਟਾਪ ਵਿੱਚ ਅਚਾਨਕ ਅੱਗ ਲੱਗ ਗਈ। ਜਹਾਜ਼ ਵਿੱਚ ਕਰੀਬ 133 ਲੋਕ ਸਵਾਰ ਸਨ।

ਘਟਨਾ ਦੌਰਾਨ ਕੈਬਿਨ ਵਿੱਚ ਧੂੰਆਂ ਫੈਲ ਗਿਆ ਅਤੇ ਕੁਝ ਯਾਤਰੀਆਂ ਦੇ ਜ਼ਖ਼ਮੀ ਹੋਣ ਦੀ ਸੂਚਨਾ ਮਿਲੀ। ਪਾਇਲਟ ਨੇ ਤੁਰੰਤ ਏਅਰ ਟ੍ਰੈਫਿਕ ਕੰਟਰੋਲ ਨੂੰ ਕੈਬਿਨ ਵਿੱਚ ਅੱਗ ਲੱਗਣ ਦੀ ਜਾਣਕਾਰੀ ਦਿੱਤੀ। ਫਲਾਈਟ ਅਟੈਂਡੈਂਟਾਂ ਨੇ ਤੇਜ਼ੀ ਨਾਲ ਕਾਰਵਾਈ ਕਰਦਿਆਂ ਲੈਪਟਾਪ ਨੂੰ ਕਾਬੂ ਕੀਤਾ ਅਤੇ ਅੱਗ ਨੂੰ ਫੈਲਣ ਤੋਂ ਰੋਕਿਆ।

ਇਸ ਤੋਂ ਬਾਅਦ ਜਹਾਜ਼ ਨੇ ਡਲਾਸ-ਫੋਰਟ ਵਰਥ ਇੰਟਰਨੈਸ਼ਨਲ ਏਅਰਪੋਰਟ ’ਤੇ ਸੁਰੱਖਿਅਤ ਲੈਂਡਿੰਗ ਕੀਤੀ। ਐਮਰਜੈਂਸੀ ਟੀਮਾਂ ਨੇ ਜਹਾਜ਼ ਨੂੰ ਘੇਰ ਲਿਆ ਅਤੇ ਯਾਤਰੀਆਂ ਦੀ ਜਾਂਚ ਕੀਤੀ। ਅਮਰੀਕਨ ਏਅਰਲਾਈਨਜ਼ ਮੁਤਾਬਕ ਇੱਕ ਯਾਤਰੀ ਨੂੰ ਮੌਕੇ ’ਤੇ ਇਲਾਜ ਦਿੱਤਾ ਗਿਆ ਅਤੇ ਬਾਅਦ ਵਿੱਚ ਛੁੱਟੀ ਦੇ ਦਿੱਤੀ ਗਈ।

ਫੈਡਰਲ ਏਵੀਏਸ਼ਨ ਐਡਮਿਨਿਸਟ੍ਰੇਸ਼ਨ (FAA) ਨੇ ਵੀ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਮਾਹਿਰਾਂ ਮੁਤਾਬਕ ਲੈਪਟਾਪਾਂ ਵਿੱਚ ਵਰਤੀਆਂ ਜਾਣ ਵਾਲੀਆਂ ਲਿਥੀਅਮ-ਆਇਨ ਬੈਟਰੀਆਂ ਦੇ ਜ਼ਿਆਦਾ ਗਰਮ ਹੋਣ ਕਾਰਨ ਅੱਗ ਲੱਗਣ ਦਾ ਖ਼ਤਰਾ ਰਹਿੰਦਾ ਹੈ।