ਵੱਡੀ ਖ਼ਬਰ: ਸਰਕਾਰੀ ਹਸਪਤਾਲ ‘ਚ ਧਮਾਕੇ ਤੋਂ ਬਾਅਦ ਲੱਗੀ ਭਿਆਨਕ ਅੱਗ; 3 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ
ਅਮਰਾਵਤੀ, 24 ਅਗਸਤ 2026
ਮਹਾਰਾਸ਼ਟਰ ਦੇ ਅਮਰਾਵਤੀ ਸਥਿਤ ਜ਼ਿਲ੍ਹਾ ਮਹਿਲਾ ਹਸਪਤਾਲ ਦੀ ਤੀਜੀ ਮੰਜ਼ਿਲ ‘ਤੇ ਸਥਿਤ ‘ਸਪੈਸ਼ਲ ਨਿਊਬੌਰਨ ਕੇਅਰ ਯੂਨਿਟ’ (SNCU/NICU) ਵਿੱਚ ਤੜਕੇ 3:30 ਵਜੇ ਦੇ ਕਰੀਬ ਇੱਕ ਵੱਡਾ ਹਾਦਸਾ ਵਾਪਰ ਗਿਆ। ਵੈਂਟੀਲੇਟਰ ਵਿੱਚ ਅਚਾਨਕ ਹੋਏ ਧਮਾਕੇ ਕਾਰਨ NICU ਵਾਰਡ ਵਿੱਚ ਭਿਆਨਕ ਅੱਗ ਲੱਗ ਗਈ। ਇਸ ਹਾਦਸੇ ਵਿੱਚ ਗੰਭੀਰ ਰੂਪ ਵਿੱਚ ਝੁਲਸਣ ਅਤੇ ਧੂਏਂ ਨਾਲ ਦਮ ਘੁਟਣ ਕਾਰਨ 3 ਨਵਜੰਮੇ ਬੱਚਿਆਂ ਦੀ ਦਰਦਨਾਕ ਮੌਤ ਹੋ ਗਈ।
ਹਾਦਸੇ ਦੇ ਸਮੇਂ ਵਾਰਡ ਵਿੱਚ ਕੁੱਲ 39 ਨਵਜੰਮੇ ਬੱਚੇ ਦਾਖਲ ਸਨ। ਅੱਗ ਲੱਗਦਿਆਂ ਹੀ ਹਸਪਤਾਲ ਦੇ ਡਿਊਟੀ ‘ਤੇ ਮੌਜੂਦ ਡਾਕਟਰਾਂ, ਨਰਸਾਂ ਅਤੇ ਹੋਰ ਸਟਾਫ ਨੇ ਮੁਸਤੈਦੀ ਦਿਖਾਉਂਦੇ ਹੋਏ ਤੁਰੰਤ ਬਚਾਅ ਕਾਰਜ ਸ਼ੁਰੂ ਕੀਤਾ। ਉਨ੍ਹਾਂ ਨੇ ਮਸ਼ੀਨਾਂ ਅਤੇ ਉਪਕਰਨਾਂ ਨੂੰ ਹਟਾ ਕੇ ਬਾਕੀ 36 ਬੱਚਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ।
ਇਹਨਾਂ ਵਿੱਚੋਂ 6 ਬੱਚਿਆਂ ਦੀ ਹਾਲਤ ਕਾਫੀ ਗੰਭੀਰ ਦੱਸੀ ਜਾ ਰਹੀ ਹੈ, ਜਿਨ੍ਹਾਂ ਨੂੰ ਤੁਰੰਤ ਐਮਰਜੈਂਸੀ ਇਲਾਜ ਲਈ ਨੇੜਲੇ ‘ਸੁਪਰ ਸਪੈਸ਼ਲਿਟੀ ਹਸਪਤਾਲ’ ਵਿੱਚ ਸ਼ਿਫਟ ਕੀਤਾ ਗਿਆ ਹੈ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪ੍ਰਸ਼ਾਸਨ ਨੇ ਮਾਮਲੇ ਦੀ ਜਾਂਚ ਦੇ ਹੁਕਮ ਦੇ ਦਿੱਤੇ ਹਨ।





