ਵੱਡੀ ਖ਼ਬਰ: ਟ੍ਰੇਨਿੰਗ ਜਹਾਜ਼ ਹਾਦਸਾਗ੍ਰਸਤ, ਪਾਇਲਟ ਅਤੇ ਕੋ-ਪਾਇਲਟ ਦੀ ਮੌਤ
ਕਾਨਪੁਰ, 27 ਅਗਸਤ 2026: ਉੱਤਰ ਪ੍ਰਦੇਸ਼ ਦੇ ਕਾਨਪੁਰ ਵਿੱਚ ਵੀਰਵਾਰ ਨੂੰ ਇੱਕ ਟ੍ਰੇਨਿੰਗ ਜਹਾਜ਼ ਦੇ ਹਾਦਸਾਗ੍ਰਸਤ ਹੋਣ ਕਾਰਨ ਪਾਇਲਟ ਅਤੇ ਕੋ-ਪਾਇਲਟ ਦੀ ਮੌਤ ਹੋ ਗਈ। ਇਹ ਹਾਦਸਾ ਗੰਗਾ ਬੈਰਾਜ ਨੇੜੇ ਵਾਪਰਿਆ, ਜਿੱਥੇ ਜਹਾਜ਼ ਇੱਕ ਖੇਤ ਵਿੱਚ ਜਾ ਡਿੱਗਿਆ। ਹਾਦਸੇ ਤੋਂ ਬਾਅਦ ਜਹਾਜ਼ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਅਤੇ ਇਸ ਦਾ ਮਲਬਾ ਮੌਕੇ ’ਤੇ ਖਿੱਲਰ ਗਿਆ।
ਜਾਣਕਾਰੀ ਅਨੁਸਾਰ ਹਾਦਸੇ ਦਾ ਸ਼ਿਕਾਰ ਹੋਇਆ ਜਹਾਜ਼ ਦੋ ਇੰਜਣਾਂ ਵਾਲਾ ਚਾਰ ਸੀਟਾਂ ਵਾਲਾ ਟ੍ਰੇਨਿੰਗ ਏਅਰਕ੍ਰਾਫਟ ਸੀ। ਇਹ ਜਹਾਜ਼ ਟ੍ਰੇਨਿੰਗ ਉਡਾਣ ’ਤੇ ਸੀ ਅਤੇ ਇਸ ਵਿੱਚ ਇੰਸਟ੍ਰਕਟਰ ਪਾਇਲਟ ਤੇ ਟ੍ਰੇਨੀ ਪਾਇਲਟ ਸਵਾਰ ਸਨ। ਉਡਾਣ ਦੌਰਾਨ ਜਹਾਜ਼ ਬੇਕਾਬੂ ਹੋ ਕੇ ਗੰਗਾ ਬੈਰਾਜ ਨੇੜੇ ਖੇਤ ਵਿੱਚ ਜਾ ਡਿੱਗਿਆ।
ਹਾਦਸੇ ਦੀ ਸੂਚਨਾ ਮਿਲਦੇ ਹੀ ਪੁਲਿਸ, ਪ੍ਰਸ਼ਾਸਨ ਅਤੇ ਬਚਾਅ ਟੀਮਾਂ ਮੌਕੇ ’ਤੇ ਪਹੁੰਚ ਗਈਆਂ। ਪੁਲਿਸ ਨੇ ਇਲਾਕੇ ਨੂੰ ਘੇਰ ਕੇ ਮਲਬੇ ਵਿੱਚੋਂ ਦੋਵੇਂ ਪਾਇਲਟਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ਼ ਕੀਤੀ, ਪਰ ਉਨ੍ਹਾਂ ਨੂੰ ਬਚਾਇਆ ਨਹੀਂ ਜਾ ਸਕਿਆ। ਦੋਵਾਂ ਦੀ ਮੌਤ ਦੀ ਪੁਸ਼ਟੀ ਅਧਿਕਾਰੀਆਂ ਵੱਲੋਂ ਕੀਤੀ ਗਈ ਹੈ।
ਹਾਦਸੇ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਜਹਾਜ਼ ਦੇ ਹਾਦਸੇ ਦਾ ਅਸਲ ਕਾਰਨ ਜਾਂਚ ਪੂਰੀ ਹੋਣ ਤੋਂ ਬਾਅਦ ਹੀ ਸਪੱਸ਼ਟ ਹੋਵੇਗਾ।






