ਡਾ. ਸੁਰਜੀਤ ਪਾਤਰ ਚੇਅਰ ਵੱਲੋਂ ਪਾਤਰ ਦੀ ਸਖਸ਼ੀਅਤ ਅਤੇ ਲਿਖਤਾਂ ’ਤੇ ਹੋਈ ਚਰਚਾ
ਲੁਧਿਆਣਾ 27 ਅਗਸਤ 2026- ਪੰਜਾਬੀ ਦੇ ਉੱਘੇ ਸ਼ਾਇਰ, ਵਿਦਵਾਨ, ਚਿੰਤਕ ਅਤੇ ਪੰਜਾਬ ਐਗਰੀਕਲਚਰਲ ਯੂਨਵਿਰਸਿਟੀ ਲੁਧਿਆਣਾ ਦੇ ਅਧਿਆਪਕ ਰਹੇ ਪਦਮ ਸ਼੍ਰੀ ਡਾ ਸੁਰਜੀਤ ਪਾਤਰ ਨੂੰ ਯਾਦ ਕਰਦਿਆਂ ਅੱਜ ਯੂਨਵਿਰਸਿਟੀ ਸਥਿਤ ਡਾ ਸੁਰਜੀਤ ਪਾਤਰ ਚੇਅਰ ਵੱਲੋਂ ਇੱਕ ਵਿਸ਼ੇਸ ਸਮਾਗਮ ਦਾ ਆਯੋਜਿਨ ਕੀਤਾ ਗਿਆ। ਸਮਾਗਮ ਵਿੱਚ ਇਕੱਤਰ ਅਧਿਆਪਕਾਂ, ਵਿਦਿਆਰਥੀਆਂ ਅਤੇ ਮਹਿਮਾਨਾਂ ਦਾ ਚੇਅਰ ਵੱਲੋਂ ਸਵਾਗਤ ਕਰਦਿਆਂ ਡਾ ਨਿਰਮਲ ਜੌੜਾ ਨੇ ਕਿਹਾ ਕਿ ਡਾ ਸੁਰਜੀਤ ਪਾਤਰ ਨੇ ਲੰਮਾਂ ਸਮਾਂ ਇਸ ਯੂਨੀਵਰਸਿਟੀ ਵਿੱਚ ਅਧਿਆਪਨ ਦੇ ਨਾਲ ਨਾਲ ਇਥੋਂ ਦੇ ਵਿਦਿਅਰਥੀਆਂ ਨੂੰ ਸ਼ਬਦ ਸਭਿਆਚਾਰ ਨਾਲ ਜੋੜਕੇ ਸੋਹਜ ਰਾਹਾਂ ’ਤੇ ਤੋਰਿਆ ਹੈ। ਉਹਨਾਂ ਕਿਹਾ ਕਿ ਇਸ ਧਰਤੀ ’ਤੇ ਡਾ ਪਾਤਰ ਦੀਆਂ ਪੈੜਾਂ ਹਮੇਸ਼ਾ ਸਾਨੂੰ ਉਸਾਰੂ ਰਾਹ ਦਿਖਾਉਂਦੀਆਂ ਰਹਿਣਗੀਆਂ। ਡਾ ਨਿਰਮਲ ਜੌੜਾ ਨੇ ਕਿਹਾ ਪੀ ਏ ਯੂ ਪਰਿਵਾਰ ਦਾ ਹਰ ਮੈਂਬਰ ਹਮੇਸ਼ਾ ਇਸ ਗੱਲ ’ਤੇ ਮਾਣ ਮਹਿਸੂਸ ਕਰਦਾ ਹੈ ਕਿ ਡਾ ਪਾਤਰ ਇਸ ਯੂਨੀਵਰਸਿਟੀ ਦਾ ਹਿੱਸਾ ਰਹੇ ਹਨ। ਉਹਨਾਂ ਦੱਸਿਆ ਕਿ ਆਉਣ ਵਾਲੇ ਸਮੇਂ ਵਿੱਚ ਡਾ ਸੁਰਜੀਤ ਪਾਤਰ ਚੇਅਰ ਵੱਲੋਂ ਵੱਖ-ਵੱਖ ਪ੍ਰੋਗਰਾਮ ਉਲੀਕੇ ਜਾ ਰਹੇ ਹਨ ਜਿੰਨ੍ਹਾ ਰਾਹੀਂ ਡਾ ਪਾਤਰ ਦੀ ਸਮੁੱਚੀ ਸਖਸ਼ੀਅਤ ਦੀ ਚਰਚਾ ਹੁੰਦੀ ਰਹੇਗੀ।
ਯੂਨੀਵਰਸਿਟੀ ਦੇ ਨਿਰਦੇਸ਼ਕ ਵਿਦਿਆਰਥੀ ਭਲਾਈ ਡਾ ਕਮਲਜੀਤ ਸਿੰਘ ਸੂਰੀ ਨੇ ਕਿਹਾ ਕਿ ਡਾ ਸੁਰਜੀਤ ਪਾਤਰ ਚੇਅਰ ਦੇ ਸਹਿਯੋਗ ਨਾਲ ਵਿਦਿਆਰਥੀਆਂ ਲਈ ਵੀ ਵੱਖ-ਵੱਖ ਸਮਾਗਮ ਆਯੋਜਿਤ ਕੀਤੇ ਜਾਣਗੇ। ਉਹਨਾਂ ਕਿਹਾ ਕਿ ਵਿਦਿਆਰਥੀਆਂ ਦਾ ਸੋਹਜ ਕਲਾਵਾਂ ਨਾਲ ਜੁੜਨਾ ਬਹੁਤ ਜ਼ਰੂਰੀ ਹੈ। ਇਸ ਮੌਕੇ ਡਾ ਸੁਰਜੀਤ ਪਾਤਰ ਦੇ ਜੀਵਨ ਅਤੇ ਉਹਨਾਂ ਦੀਆਂ ਰਚਨਾਵਾਂ ਬਾਰੇ ਵਿਚਾਰ ਚਰਚਾ ਕੀਤੀ ਗਈ। ਪਸਾਰ ਸਿਖਿਆ ਵਿਭਾਗ ਦੇ ਪੀ ਐਚ ਡੀ ਕਰ ਰਹੇ ਵਿਦਿਅਰਥੀ ਹਰਮਨਜੋਤ ਸਿੰਘ ਮਾਨ ਨੇ ਸੁਰਜੀਤ ਪਾਤਰ ਬਾਰੇ ਆਪਣੀ ਲਿਖੀ ਕਵਿਤਾ ‘ਪਾਤਰ ਤੂੰ ਸੁਰਜੀਤ ਰਹੇਂਗਾ’ ਪੇਸ਼ ਕਰਦਿਆਂ ਇੱਕ ਵਿਦਿਆਰਥੀ ਦੇ ਤੌਰ ’ਤੇ ਆਪਣੀਆਂ ਭਾਵਨਾਵਾਂ ਸਾਂਝੀਆਂ ਕੀਤੀਆਂ। ਦਿਲਾਵਰ ਸਿੰਘ, ਅਨੁਵੇਸ਼ ਰਿਖੀ ਅਤੇ ਹੋਰ ਵਿਦਿਅਰਥੀਆਂ ਵੱਲੋਂ ਸੁਰਜੀਤ ਪਾਤਰ ਦੀਆਂ ਲਿਖਤਾਂ ਦੇ ਨੌਜਵਾਨ ਪੀੜੀ ’ਤੇ ਪ੍ਰਭਾਵ ਬਾਰੇ ਆਪਣੇ ਵਿਚਾਰ ਦੱਸੇ ਗਏ। ਸਭ ਦਾ ਧੰਨਵਾਦ ਕਰਦਿਆਂ ਸਹਿਯੋਗੀ ਨਿਰਦੇਸ਼ਕ(ਸਭਿਆਚਾਰ) ਡਾ ਰੁਪਿੰਦਰ ਕੌਰ ਨੇ ਕਿਹਾ ਡਾ ਸੁਰਜੀਤ ਪਾਤਰ ਨੇ ਆਪਣੀ ਕਵਿਤਾ, ਅਨੁਵਾਦਕ ਨਾਟਕਾਂ ਅਤੇ ਗੀਤਾਂ ਰਾਹੀਂ ਪੰਜਾਬੀ ਦਾ ਝੰਡਾ ਪੂਰੀ ਦੁਨੀਆਂ ਵਿੱਚ ਬੁਲੰਦ ਕੀਤਾ ਹੈ ਜਿਸਦਾ ਮਾਣ ਪੰਜਾਬ ਐਗਰੀਕਲਚਰਲ ਯੂਨਵਿਰਸਿਟੀ ਨੂੰ ਵੀ ਮਿਲਦਾ ਹੈ। ਇਸ ਮੌਕੇ ਰਜ਼ਿਸਰਿੰਗ ਅਫਸਰ ਸਤਵੀਰ ਸਿੰਘ ਸਮੇਤ ਕਲਾ ਅਤੇ ਸਾਹਿਤ ਪ੍ਰੇਮੀ ਹਾਜ਼ਰ ਸਨ।






