ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ: ਪੰਜਾਬ ਪਹਿਲੀ ਵਾਰ ਕਰੇਗਾ ਅੰਤਰਰਾਸ਼ਟਰੀ ਹਾਕੀ ਟੂਰਨਾਮੈਂਟ ਦੀ ਮੇਜ਼ਬਾਨੀ- CM ਮਾਨ
ਚੰਡੀਗੜ੍ਹ/ਮੋਹਾਲੀ 14 ਸਤੰਬਰ
ਪੰਜਾਬ ਦੇ ਖੇਡ ਇਤਿਹਾਸ ਵਿੱਚ ਇੱਕ ਨਵਾਂ ਸੁਨਹਿਰੀ ਪੰਨਾ ਜੁੜਨ ਜਾ ਰਿਹਾ ਹੈ। ਸੂਬਾ ਪਹਿਲੀ ਵਾਰ ਵੱਕਾਰੀ ‘ਹੀਰੋ ਏਸ਼ੀਅਨ ਚੈਂਪੀਅਨਜ਼ ਟਰਾਫ਼ੀ’ ਦੀ ਮੇਜ਼ਬਾਨੀ ਕਰਨ ਲਈ ਪੂਰੀ ਤਰ੍ਹਾਂ ਤਿਆਰ ਹੈ। ਖੇਡਾਂ ਦੇ ਖੇਤਰ ਵਿੱਚ ਪੰਜਾਬ ਲਈ ਇਹ ਇੱਕ ਵੱਡੀ ਅਤੇ ਇਤਿਹਾਸਕ ਪ੍ਰਾਪਤੀ ਮੰਨੀ ਜਾ ਰਹੀ ਹੈ, ਜੋ ਰਾਜ ਵਿੱਚ ਹਾਕੀ ਦੇ ਪੁਨਰ-ਸੁਰਜੀਤੀ ਵੱਲ ਇੱਕ ਅਹਿਮ ਕਦਮ ਹੈ।
ਇਸ ਅੰਤਰਰਾਸ਼ਟਰੀ ਟੂਰਨਾਮੈਂਟ ਦੇ ਅਧਿਕਾਰਤ ਸ਼ਡਿਊਲ ਅਤੇ ਹੋਰ ਮਹੱਤਵਪੂਰਨ ਵੇਰਵਿਆਂ ਦਾ ਰਸਮੀ ਐਲਾਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਇੱਕ ਵਿਸ਼ੇਸ਼ ਪ੍ਰੈਸ ਕਾਨਫ਼ਰੰਸ ਦੌਰਾਨ ਕੀਤਾ ਜਾਵੇਗਾ। ਇਹ ਖਾਸ ਸਮਾਗਮ ਮੋਹਾਲੀ ਸਥਿਤ ਵਿਸ਼ਵ ਪ੍ਰਸਿੱਧ ‘ਓਲੰਪੀਅਨ ਬਲਬੀਰ ਸਿੰਘ ਸੀਨੀਅਰ ਇੰਟਰਨੈਸ਼ਨਲ ਹਾਕੀ ਸਟੇਡੀਅਮ’ ਵਿਖੇ ਆਯੋਜਿਤ ਕੀਤਾ ਜਾ ਰਿਹਾ ਹੈ।
ਪੰਜਾਬ ਹਮੇਸ਼ਾ ਤੋਂ ਹੀ ਭਾਰਤੀ ਹਾਕੀ ਦੀ ਨਰਸਰੀ ਰਿਹਾ ਹੈ ਅਤੇ ਦੇਸ਼ ਨੂੰ ਕਈ ਮਹਾਨ ਖਿਡਾਰੀ ਦਿੱਤੇ ਹਨ। ਅਜਿਹੇ ਵਿੱਚ ਇਸ ਵੱਡੇ ਏਸ਼ੀਆਈ ਖੇਡ ਮੁਕਾਬਲੇ ਦੀ ਮੇਜ਼ਬਾਨੀ ਮਿਲਣ ਨਾਲ ਸੂਬੇ ਦੇ ਉਭਰਦੇ ਖਿਡਾਰੀਆਂ ਅਤੇ ਹਾਕੀ ਪ੍ਰੇਮੀਆਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਮੋਹਾਲੀ ਦਾ ਖੇਡ ਸਟੇਡੀਅਮ ਇਸ ਵਿਸ਼ਵ-ਪੱਧਰੀ ਟੂਰਨਾਮੈਂਟ ਦੀ ਮੇਜ਼ਬਾਨੀ ਲਈ ਪੂਰੇ ਉਤਸ਼ਾਹ ਨਾਲ ਤਿਆਰ ਕੀਤਾ ਜਾ ਰਿਹਾ ਹੈ।







