PRTC ਬੱਸ ਅਤੇ ਸਕੂਲ ਵੈਨ ਵਿਚਾਲੇ ਭਿਆਨਕ ਟੱਕਰ; 12 ਬੱਚੇ ਜ਼ਖ਼ਮੀ

Top Trending News ਪੰਜਾਬ

 

PRTC ਬੱਸ ਅਤੇ ਸਕੂਲ ਵੈਨ ਵਿਚਾਲੇ ਭਿਆਨਕ ਟੱਕਰ; 12 ਬੱਚੇ ਜ਼ਖ਼ਮੀ

ਮਾਨਸਾ/ਬਰੇਟਾ 14 ਸਤੰਬਰ 2026

ਮਾਨਸਾ ਜ਼ਿਲ੍ਹੇ ਦੇ ਕਸਬਾ ਬਰੇਟਾ ਵਿਖੇ ਇੱਕ ਦਰਦਨਾਕ ਹਾਦਸੇ ਦੌਰਾਨ ਪੰਜਾਬ ਰੋਡਵੇਜ਼ (PRTC) ਦੀ ਬੱਸ ਅਤੇ ਸਕੂਲ ਵੈਨ ਵਿਚਾਲੇ ਹੋਈ ਸਿੱਧੀ ਟੱਕਰ ‘ਚ ਲਗਭਗ ਇੱਕ ਦਰਜਨ ਬੱਚੇ ਜ਼ਖ਼ਮੀ ਹੋ ਗਏ। ਹਾਦਸੇ ਵਿੱਚ ਕੁੱਝ ਬੱਚਿਆਂ ਦੇ ਮਾਮੂਲੀ ਸੱਟਾਂ ਲੱਗੀਆਂ, ਜਦੋਂ ਕਿ ਅੱਧਾ ਦਰਜਨ ਦੇ ਕਰੀਬ ਗੰਭੀਰ ਰੂਪ ਵਿੱਚ ਜ਼ਖ਼ਮੀ ਬੱਚਿਆਂ ਨੂੰ ਤੁਰੰਤ ਇਲਾਜ ਲਈ ਨਜ਼ਦੀਕੀ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ।

ਘਟਨਾ ਦੇ ਪ੍ਰਤੱਖਦਰਸ਼ੀਆਂ ਅਤੇ ਬੱਸ ਚਾਲਕ ਮੁਤਾਬਕ, ਬੱਸ ਮਾਨਸਾ ਤੋਂ ਜਾਖਲ ਵੱਲ ਜਾ ਰਹੀ ਸੀ। ਰਸਤੇ ਵਿੱਚ ਇੱਕ ਮੋਟਰਸਾਈਕਲ ਚਾਲਕ ਮੋਬਾਈਲ ਫ਼ੋਨ ‘ਤੇ ਗੱਲ ਕਰਦੇ ਹੋਏ ਅੱਗੇ ਜਾ ਰਿਹਾ ਸੀ, ਜਿਸ ਨੂੰ ਬਚਾਉਣ ਦੇ ਚੱਕਰ ਵਿੱਚ ਬੱਸ ਚਾਲਕ ਨੂੰ ਅਚਾਨਕ ਬ੍ਰੇਕ ਲਗਾਉਣੀ ਪਈ। ਇਸੇ ਦੌਰਾਨ ਪਿੱਛੋਂ ਆ ਰਹੀ ਸਕੂਲ ਵੈਨ ਬੇਕਾਬੂ ਹੋ ਕੇ ਬੱਸ ਨਾਲ ਜਾ ਟਕਰਾਈ।

ਘਟਨਾ ਤੋਂ ਬਾਅਦ ਸਥਾਨਕ ਨਿਵਾਸੀਆਂ ਨੇ ਭਾਰੀ ਰੋਸ ਪ੍ਰਗਟਾਇਆ। ਇਲਾਕਾ ਵਾਸੀਆਂ ਦਾ ਦੋਸ਼ ਹੈ ਕਿ ਹਾਦਸਾਗ੍ਰਸਤ ਸਕੂਲ ਵੈਨ ਦੀ ਹਾਲਤ ਬਹੁਤ ਖ਼ਸਤਾ ਸੀ ਅਤੇ ਵਾਹਨ ਕੋਲ ਜ਼ਰੂਰੀ ਪਰਮਿਟ ਵੀ ਨਹੀਂ ਸੀ।

ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਭਵਿੱਖ ਵਿੱਚ ਅਜਿਹੇ ਭਿਆਨਕ ਹਾਦਸਿਆਂ ਨੂੰ ਰੋਕਣ ਲਈ ਸਕੂਲੀ ਵਾਹਨਾਂ ਦੀ ਤਕਨੀਕੀ ਹਾਲਤ ਅਤੇ ਦਸਤਾਵੇਜ਼ਾਂ ਦੀ ਸਮੇਂ-ਸਮੇਂ ‘ਤੇ ਸਖ਼ਤੀ ਨਾਲ ਜਾਂਚ ਕੀਤੀ ਜਾਵੇ।