ਮਹਿਲਾ ਕ੍ਰਿਕਟ ਟੀਮ ਦੀ ਏਸ਼ੀਆ ਕੱਪ ‘ਚ ਸ਼ਾਨਦਾਰ ਜਿੱਤ ‘ਤੇ ਪ੍ਰਧਾਨ ਮੰਤਰੀ ਮੋਦੀ ਨੇ ਦਿੱਤੀ ਵਧਾਈ; ਕਿਹਾ- ‘ਦੇਸ਼ ਲਈ ਮਾਣ ਵਾਲਾ ਪਲ’
ਨਵੀਂ ਦਿੱਲੀ, 14 ਸਤੰਬਰ:
ਭਾਰਤੀ ਮਹਿਲਾ ਕ੍ਰਿਕਟ ਟੀਮ ਵੱਲੋਂ ਏਸ਼ੀਆ ਕੱਪ ਦਾ ਖ਼ਿਤਾਬ ਆਪਣੇ ਨਾਂ ਕਰਨ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਟੀਮ ਨੂੰ ਉਚੇਚੇ ਤੌਰ ‘ਤੇ ਮੁਬਾਰਕਬਾਦ ਦਿੱਤੀ ਹੈ। ਪ੍ਰਧਾਨ ਮੰਤਰੀ ਨੇ ਸੋਸ਼ਲ ਮੀਡੀਆ ਰਾਹੀਂ ਆਪਣੀ ਖ਼ੁਸ਼ੀ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਮਾਰਕੇਮਾਰੂ ਜਿੱਤ ਭਾਰਤੀ ਖੇਡ ਜਗਤ ਅਤੇ ਪੂਰੇ ਦੇਸ਼ ਲਈ ਬੇਹੱਦ ਮਾਣ ਵਾਲੀ ਗੱਲ ਹੈ।
ਉਨ੍ਹਾਂ ਖਿਡਾਰਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਪੂਰੇ ਟੂਰਨਾਮੈਂਟ ਦੌਰਾਨ ਭਾਰਤੀ ਟੀਮ ਦਾ ਆਤਮ-ਵਿਸ਼ਵਾਸ, ਨਿਰੰਤਰਤਾ ਅਤੇ ਸ਼ਾਨਦਾਰ ਖੇਡ ਜਜ਼ਬਾ ਸਾਫ਼ ਤੌਰ ‘ਤੇ ਨਜ਼ਰ ਆਇਆ। ਟੀਮ ਦੀ ਇਸ ਲਾਮਿਸਾਲ ਪ੍ਰਾਪਤੀ ਨੇ ਖੇਡ ਪ੍ਰੇਮੀਆਂ ਦੇ ਦਿਲ ਜਿੱਤ ਲਏ ਹਨ।
ਪ੍ਰਧਾਨ ਮੰਤਰੀ ਮੋਦੀ ਨੇ ਆਸ ਪ੍ਰਗਟਾਈ ਕਿ ਮਹਿਲਾ ਟੀਮ ਦੀ ਇਹ ਇਤਿਹਾਸਕ ਸਫ਼ਲਤਾ ਦੇਸ਼ ਭਰ ਦੇ ਲੱਖਾਂ ਨੌਜਵਾਨਾਂ, ਵਿਸ਼ੇਸ਼ ਕਰਕੇ ਧੀਆਂ ਨੂੰ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਅਤੇ ਅੰਤਰਰਾਸ਼ਟਰੀ ਪੱਧਰ ‘ਤੇ ਦੇਸ਼ ਦਾ ਨਾਂ ਰੋਸ਼ਨ ਕਰਨ ਲਈ ਪ੍ਰੇਰਿਤ ਕਰੇਗੀ। ਉਨ੍ਹਾਂ ਖਿਡਾਰਨਾਂ ਦੇ ਸੁਨਹਿਰੀ ਭਵਿੱਖ ਅਤੇ ਆਉਣ ਵਾਲੇ ਮੁਕਾਬਲਿਆਂ ਲਈ ਵੀ ਸ਼ੁਭਕਾਮਨਾਵਾਂ ਦਿੱਤੀਆਂ।







