ਚਾਵਲਾ ਮਾਮਲੇ ’ਤੇ AAP ਦਾ SGPC ਪ੍ਰਧਾਨ ਧਾਮੀ ’ਤੇ ਹਮਲਾ, ਕਮੇਟੀ ਦੀ ਨਿਰਪੱਖਤਾ ’ਤੇ ਚੁੱਕੇ ਸਵਾਲ
ਚੰਡੀਗੜ੍ਹ, 25 ਸਤੰਬਰ 2026- ਆਮ ਆਦਮੀ ਪਾਰਟੀ (AAP) ਦੇ ਬੁਲਾਰੇ ਬਲਤੇਜ ਪੰਨੂ ਨੇ ਅਮਰਜੀਤ ਸਿੰਘ ਚਾਵਲਾ ਨਾਲ ਜੁੜੇ ਕਥਿਤ ਜਬਰ-ਜਨਾਹ ਮਾਮਲੇ ਦੀ ਜਾਂਚ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (SGPC) ਵੱਲੋਂ ਬਣਾਈ ਗਈ ਕਮੇਟੀ ’ਤੇ ਸਵਾਲ ਖੜ੍ਹੇ ਕੀਤੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਪੰਨੂ ਨੇ ਦੋਸ਼ ਲਾਇਆ ਕਿ ਜਾਂਚ ਕਮੇਟੀ ਵਿੱਚ ਜੂਨੀਅਰ ਮੈਂਬਰਾਂ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਕਾਰਨ ਇਸ ਦੀ ਨਿਰਪੱਖਤਾ ਨੂੰ ਲੈ ਕੇ ਸਵਾਲ ਪੈਦਾ ਹੁੰਦੇ ਹਨ।
ਉਨ੍ਹਾਂ SGPC ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੂੰ ਸਵਾਲ ਕੀਤਾ ਕਿ ਕੀ ਇਹ ਕਮੇਟੀ ਬਣਾਉਣ ਤੋਂ ਪਹਿਲਾਂ ਸੁਖਬੀਰ ਸਿੰਘ ਬਾਦਲ ਨਾਲ ਸਲਾਹ ਕੀਤੀ ਗਈ ਸੀ। ਪੰਨੂ ਨੇ ਕਿਹਾ ਕਿ SGPC ਪ੍ਰਧਾਨ ਨੂੰ ਮਾਮਲੇ ਨਾਲ ਸਬੰਧਤ ਸਵਾਲਾਂ ਦੇ ਜਵਾਬ ਦੇਣੇ ਚਾਹੀਦੇ ਹਨ ਅਤੇ ਉਹ ਸਵਾਲਾਂ ਤੋਂ ਭੱਜਣ ਦੀ ਬਜਾਏ ਸਪੱਸ਼ਟਤਾ ਦੇਣ।
ਬਲਤੇਜ ਪੰਨੂ ਨੇ ‘ਬਹਿਰੀਨ ਵਾਲੀ ਬੀਬੀ’ ਦਾ ਨਾਮ ਜਨਤਕ ਕੀਤੇ ਜਾਣ ’ਤੇ ਵੀ ਇਤਰਾਜ਼ ਜਤਾਇਆ। ਉਨ੍ਹਾਂ ਕਿਹਾ ਕਿ ਕਿਸੇ ਮਹਿਲਾ ਦੀ ਪਛਾਣ ਜਨਤਕ ਕਰਨਾ ਔਰਤਾਂ ਦੀ ਇੱਜ਼ਤ ਅਤੇ ਨਿੱਜਤਾ ਨਾਲ ਜੁੜਿਆ ਗੰਭੀਰ ਮਾਮਲਾ ਹੈ।







