Breaking: ਭਾਰਤ-ਪਾਕਿ ਸਰਹੱਦ ਤੋਂ ਸਿਰਫ਼ 1 ਕਿਲੋਮੀਟਰ ਦੂਰ ਖੇਤ ’ਚੋਂ ਹੈਰੋਇਨ ਬਰਾਮਦ, ਡਰੋਨ ਰਾਹੀਂ ਸੁੱਟੇ ਜਾਣ ਦਾ ਸ਼ੱਕ
ਪਠਾਨਕੋਟ 25 ਸਤੰਬਰ 2026
ਭਾਰਤ-ਪਾਕਿਸਤਾਨ ਸਰਹੱਦ ਤੋਂ ਮਹਿਜ਼ ਇੱਕ ਕਿਲੋਮੀਟਰ ਦੂਰ ਪਠਾਨਕੋਟ ਦੇ ਪਿੰਡ ਪਹਾੜੀਪੁਰ ਵਿੱਚ ਇੱਕ ਕਿਸਾਨ ਦੇ ਖੇਤਾਂ ਵਿੱਚੋਂ ਕਰੀਬ ਅੱਧਾ ਕਿਲੋ ਹੈਰੋਇਨ ਬਰਾਮਦ ਹੋਣ ਨਾਲ ਇਲਾਕੇ ਵਿੱਚ ਹਲਚਲ ਮਚ ਗਈ। ਮੁੱਢਲੀ ਜਾਂਚ ਵਿੱਚ ਖਦਸ਼ਾ ਜਤਾਇਆ ਜਾ ਰਿਹਾ ਹੈ ਕਿ ਨਸ਼ੀਲੇ ਪਦਾਰਥ ਦੀ ਇਹ ਖੇਪ ਸਰਹੱਦ ਪਾਰ ਤੋਂ ਡਰੋਨ ਰਾਹੀਂ ਖੇਤਾਂ ਵਿੱਚ ਸੁੱਟੀ ਗਈ ਹੋ ਸਕਦੀ ਹੈ। ਸੁਰੱਖਿਆ ਏਜੰਸੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਜਾਣਕਾਰੀ ਅਨੁਸਾਰ ਪਿੰਡ ਪਹਾੜੀਪੁਰ ਵਾਸੀ ਕਿਸਾਨ ਅਜੀਤ ਰਾਮ ਸਵੇਰੇ ਕਰੀਬ 10 ਵਜੇ ਆਪਣੇ ਖੇਤਾਂ ਵਿੱਚ ਗਿਆ ਸੀ। ਇਸ ਦੌਰਾਨ ਉਸ ਨੂੰ ਟੇਪ ਨਾਲ ਲਪੇਟਿਆ ਹੋਇਆ ਪੀਲੇ ਰੰਗ ਦਾ ਇੱਕ ਪੈਕੇਟ ਮਿਲਿਆ। ਪੈਕੇਟ ਨੂੰ ਸ਼ੱਕੀ ਦੇਖ ਕੇ ਅਜੀਤ ਰਾਮ ਨੇ ਤੁਰੰਤ ਇਸ ਸਬੰਧੀ ਬੀਐੱਸਐੱਫ ਅਤੇ ਸਥਾਨਕ ਪੁਲਿਸ ਨੂੰ ਸੂਚਿਤ ਕੀਤਾ।
ਸੂਚਨਾ ਮਿਲਦੇ ਹੀ ਬੀਐੱਸਐੱਫ ਅਤੇ ਪੁਲਿਸ ਦੀਆਂ ਟੀਮਾਂ ਮੌਕੇ ’ਤੇ ਪਹੁੰਚੀਆਂ ਅਤੇ ਪੈਕੇਟ ਨੂੰ ਕਬਜ਼ੇ ਵਿੱਚ ਲੈ ਲਿਆ। ਜਾਂਚ ਦੌਰਾਨ ਪੈਕੇਟ ਵਿੱਚੋਂ ਕਰੀਬ 500 ਗ੍ਰਾਮ ਹੈਰੋਇਨ ਬਰਾਮਦ ਹੋਈ।
ਹੁਣ ਪੁਲਿਸ ਵੱਲੋਂ ਇਹ ਪਤਾ ਲਗਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਨਸ਼ੀਲੇ ਪਦਾਰਥ ਦੀ ਇਹ ਖੇਪ ਸਰਹੱਦ ਪਾਰ ਤੋਂ ਇੱਥੇ ਕਿਵੇਂ ਪਹੁੰਚੀ ਅਤੇ ਇਸ ਨੂੰ ਹਾਸਲ ਕਰਨ ਵਾਲੇ ਵਿਅਕਤੀ ਕੌਣ ਸਨ।







