ਚੰਡੀਗੜ੍ਹ ਭਾਜਪਾ ਦਫ਼ਤਰ ਗ੍ਰਨੇਡ ਹਮਲੇ ਦੀ ਜਾਂਚ ਹੁਣ NIA ਦੇ ਹੱਥ
ਚੰਡੀਗੜ੍ਹ , 25 ਸਤੰਬਰ 2026- ਸੈਕਟਰ-37 ਸਥਿਤ ਪੰਜਾਬ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੂਬਾਈ ਮੁੱਖ ਦਫ਼ਤਰ ’ਤੇ 1 ਅਪ੍ਰੈਲ ਨੂੰ ਹੋਏ ਗ੍ਰਨੇਡ ਹਮਲੇ ਦੀ ਜਾਂਚ ਹੁਣ ਕੌਮੀ ਜਾਂਚ ਏਜੰਸੀ (NIA) ਵੱਲੋਂ ਕੀਤੀ ਜਾਵੇਗੀ। ਕੇਂਦਰੀ ਗ੍ਰਹਿ ਮੰਤਰਾਲੇ ਵੱਲੋਂ ਮਾਮਲੇ ਦੀ ਜਾਂਚ NIA ਨੂੰ ਸੌਂਪਣ ਸਬੰਧੀ ਰਸਮੀ ਹੁਕਮ ਜਾਰੀ ਕੀਤੇ ਜਾਣ ਤੋਂ ਬਾਅਦ ਏਜੰਸੀ ਨੇ ਨਵੀਂ ਐੱਫ.ਆਈ.ਆਰ. ਦਰਜ ਕਰ ਲਈ ਹੈ।
ਇਸ ਦੇ ਨਾਲ ਹੀ ਮਾਮਲੇ ਦੀ ਪੂਰੀ ਜਾਂਚ ਦੀ ਜ਼ਿੰਮੇਵਾਰੀ NIA ਨੇ ਆਪਣੇ ਹੱਥਾਂ ਵਿੱਚ ਲੈ ਲਈ ਹੈ। ਹੁਣ ਇਸ ਸੰਵੇਦਨਸ਼ੀਲ ਮਾਮਲੇ ਦੀ ਕਾਨੂੰਨੀ ਕਾਰਵਾਈ ਅਤੇ ਸੁਣਵਾਈ NIA ਦੀ ਵਿਸ਼ੇਸ਼ ਅਦਾਲਤ ਵਿੱਚ ਹੋਵੇਗੀ।
ਜਾਂਚ ਦੌਰਾਨ ਏਜੰਸੀਆਂ ਨੂੰ ਮਾਮਲੇ ਨਾਲ ਜੁੜੇ ਕੁਝ ਅਹਿਮ ਤੱਥ ਅਤੇ ਸਬੂਤ ਮਿਲਣ ਦਾ ਦਾਅਵਾ ਕੀਤਾ ਗਿਆ ਹੈ। ਇਨ੍ਹਾਂ ਵਿੱਚ ਪੁਰਤਗਾਲ, ਫਰਾਂਸ ਅਤੇ ਜਰਮਨੀ ਵਿੱਚ ਬੈਠੇ ਕਥਿਤ ਵਿਦੇਸ਼ੀ ਹੈਂਡਲਰਾਂ ਦੀ ਸ਼ਮੂਲੀਅਤ ਨਾਲ ਜੁੜੇ ਸਬੂਤ ਵੀ ਸ਼ਾਮਲ ਦੱਸੇ ਜਾ ਰਹੇ ਹਨ। NIA ਹੁਣ ਹਮਲੇ ਦੀ ਸਾਜ਼ਿਸ਼, ਇਸ ਨਾਲ ਜੁੜੇ ਵਿਅਕਤੀਆਂ, ਵਿਦੇਸ਼ੀ ਕਨੈਕਸ਼ਨਾਂ ਅਤੇ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰੇਗੀ।







