ਆਰਬੀਯੂ ਦੇ ਐਨਐੱਸਐੱਸ ਵਲੰਟੀਅਰਾਂ ਨੇ 70 ਯੂਨਿਟ ਖੂਨਦਾਨ ਕੀਤਾ

Top Trending News ਪੰਜਾਬ
  • ਆਰਬੀਯੂ ਦੇ ਐਨਐੱਸਐੱਸ ਵਲੰਟੀਅਰਾਂ ਨੇ 70 ਯੂਨਿਟ ਖੂਨਦਾਨ ਕੀਤਾ

ਚੰਡੀਗੜ੍ਹ, 25 ਸਤੰਬਰ (ਦੇਸ਼ ਕਲਿੱਕ ਬਿਊਰੋ: ਰਿਆਤ ਬਾਹਰਾ ਯੂਨੀਵਰਸਿਟੀ (ਆਰਬੀਯੂ) ਦੇ ਐਨਐੱਸਐੱਸ ਵਿਭਾਗ ਵੱਲੋਂ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਅਤੇ ਸ਼੍ਰੀ ਸ਼ਿਵ ਕੰਵਰ ਮਹਾਸੰਘ ਚੈਰੀਟੇਬਲ ਟਰੱਸਟ ਦੇ ਸਹਿਯੋਗ ਨਾਲ ਸਰਕਾਰੀ ਹਸਪਤਾਲ, ਸੈਕਟਰ-16, ਚੰਡੀਗੜ੍ਹ ਦੀ ਮੈਡੀਕਲ ਟੀਮ ਦੇ ਸਹਿਯੋਗ ਨਾਲ ਖੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਕੁੱਲ 70 ਯੂਨਿਟ ਖੂਨ ਇਕੱਠਾ ਕੀਤਾ ਗਿਆ।

ਇਹ ਕੈਂਪ ਸੱਤ ਰੋਜ਼ਾ ਵਿਸ਼ੇਸ਼ ਐਨਐੱਸਐੱਸ ਕੈਂਪ ਦੇ ਹਿੱਸੇ ਵਜੋਂ ਲਗਾਇਆ ਗਿਆ, ਜਿਸ ਦਾ ਉਦੇਸ਼ ਸਵੈ-ਇੱਛਤ ਖੂਨਦਾਨ ਦੀ ਮਹੱਤਤਾ ਬਾਰੇ ਜਾਗਰੂਕਤਾ ਪੈਦਾ ਕਰਨਾ ਅਤੇ ਨੌਜਵਾਨਾਂ ਨੂੰ ਲੋੜਵੰਦ ਮਰੀਜ਼ਾਂ ਦੀ ਜ਼ਿੰਦਗੀ ਬਚਾਉਣ ਲਈ ਖੂਨਦਾਨ ਵਾਸਤੇ ਪ੍ਰੇਰਿਤ ਕਰਨਾ ਸੀ।

ਕੈਂਪ ਦਾ ਉਦਘਾਟਨ ਆਰਬੀਯੂ ਦੇ ਵਾਈਸ-ਚਾਂਸਲਰ ਪ੍ਰੋ. (ਡਾ.) ਸੰਜੇ ਕੁਮਾਰ ਨੇ ਪ੍ਰੋ ਵਾਈਸ-ਚਾਂਸਲਰ ਪ੍ਰੋ. (ਡਾ.) ਸਤੀਸ਼ ਕੁਮਾਰ ਬਾਂਸਲ ਅਤੇ ਰੋਟਰੀ ਕਲੱਬ ਚੰਡੀਗੜ੍ਹ ਸੈਂਟਰਲ ਦੇ ਪ੍ਰਧਾਨ ਵਿੰਗ ਕਮਾਂਡਰ ਜੇ.ਐੱਸ. ਮਿਨਹਾਸ ਦੀ ਮੌਜੂਦਗੀ ਵਿੱਚ ਕੀਤਾ। ਇਸ ਮੌਕੇ ਪਤਵੰਤਿਆਂ ਨੇ ਐਨਐੱਸਐੱਸ ਵਿਭਾਗ ਦੇ ਉਪਰਾਲੇ ਦੀ ਸ਼ਲਾਘਾ ਕਰਦਿਆਂ ਵਲੰਟੀਅਰਾਂ ਨੂੰ ਸਮਾਜ ਸੇਵਾ ਅਤੇ ਭਲਾਈ ਕਾਰਜਾਂ ਵਿੱਚ ਸਰਗਰਮੀ ਨਾਲ ਹਿੱਸਾ ਲੈਣ ਲਈ ਪ੍ਰੇਰਿਤ ਕੀਤਾ।

ਸਰਕਾਰੀ ਹਸਪਤਾਲ, ਸੈਕਟਰ-16, ਚੰਡੀਗੜ੍ਹ ਦੀ ਮੈਡੀਕਲ ਟੀਮ ਨੇ ਖੂਨਦਾਨ ਦੀ ਸਮੁੱਚੀ ਪ੍ਰਕਿਰਿਆ ਨੂੰ ਡਾਕਟਰੀ ਮਾਪਦੰਡਾਂ ਅਤੇ ਲੋੜੀਂਦੇ ਸੁਰੱਖਿਆ ਪ੍ਰੋਟੋਕੋਲ ਅਨੁਸਾਰ ਨੇਪਰੇ ਚਾੜ੍ਹਿਆ। ਐਨਐੱਸਐੱਸ ਵਲੰਟੀਅਰਾਂ ਨੇ ਮੈਡੀਕਲ ਟੀਮ ਨੂੰ ਸਹਿਯੋਗ ਦੇਣ ਦੇ ਨਾਲ-ਨਾਲ ਕੈਂਪ ਦੇ ਪ੍ਰਬੰਧਾਂ ਅਤੇ ਅਨੁਸ਼ਾਸਨ ਨੂੰ ਬਣਾਈ ਰੱਖਣ ਵਿੱਚ ਵੀ ਅਹਿਮ ਭੂਮਿਕਾ ਨਿਭਾਈ।

ਐਨਐੱਸਐੱਸ ਦੇ ਡਾਇਰੈਕਟਰ ਪ੍ਰੋ. (ਮੇਜਰ) ਏ.ਐੱਸ. ਚਾਹਲ ਨੇ ਕਿਹਾ ਕਿ ਅਜਿਹੇ ਉਪਰਾਲਿਆਂ ਦਾ ਉਦੇਸ਼ ਵਿਦਿਆਰਥੀਆਂ ਵਿੱਚ ਸਮਾਜਿਕ ਜ਼ਿੰਮੇਵਾਰੀ ਦੀ ਭਾਵਨਾ ਪੈਦਾ ਕਰਨਾ ਅਤੇ ਉਨ੍ਹਾਂ ਨੂੰ ਮਨੁੱਖਤਾ ਦੀ ਸੇਵਾ ਲਈ ਪ੍ਰੇਰਿਤ ਕਰਨਾ ਹੈ। ਉਨ੍ਹਾਂ ਕਿਹਾ ਕਿ ਸਵੈ-ਇੱਛਤ ਖੂਨਦਾਨ ਕਿਸੇ ਲੋੜਵੰਦ ਮਰੀਜ਼ ਲਈ ਜੀਵਨਦਾਨ ਸਾਬਤ ਹੋ ਸਕਦਾ ਹੈ।

ਕੈਂਪ ਦੌਰਾਨ ਐਨਐੱਸਐੱਸ ਵਲੰਟੀਅਰਾਂ ਅਤੇ ਹੋਰ ਭਾਗੀਦਾਰਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ। ਪੂਰਾ ਕੈਂਪ ਪ੍ਰੋ. (ਮੇਜਰ) ਏ.ਐੱਸ. ਚਾਹਲ ਦੀ ਨਿਗਰਾਨੀ ਹੇਠ ਸਫਲਤਾਪੂਰਵਕ ਕਰਵਾਇਆ ਗਿਆ।