ਬੈਂਕ ਕਰਮਚਾਰੀਆਂ ਦੀ 3 ਦਿਨਾਂ ਦੇਸ਼ ਵਿਆਪੀ ਹੜਤਾਲ, 28 ਸਤੰਬਰ ਤੋਂ ਰਹਿਣਗੇ ਪ੍ਰਭਾਵਿਤ ਕੰਮਕਾਜ
ਨਵੀਂ ਦਿੱਲੀ 26 ਸਤੰਬਰ 2026
ਬੈਂਕ ਕਰਮਚਾਰੀਆਂ ਦੀਆਂ ਯੂਨੀਅਨਾਂ ਦੇ ਸਾਂਝੇ ਫੋਰਮ ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਵੱਲੋਂ 28 ਸਤੰਬਰ ਤੋਂ ਤਿੰਨ ਦਿਨਾਂ ਦੀ ਦੇਸ਼ ਵਿਆਪੀ ਹੜਤਾਲ ਦਾ ਐਲਾਨ ਕੀਤਾ ਗਿਆ ਹੈ। ਇਸ ਹੜਤਾਲ ਕਾਰਨ ਬੈਂਕਿੰਗ ਸੇਵਾਵਾਂ ਪ੍ਰਭਾਵਿਤ ਹੋਣ ਦੀ ਸੰਭਾਵਨਾ ਹੈ। ਯੂਨੀਅਨਾਂ ਵੱਲੋਂ ਹਫ਼ਤੇ ਵਿੱਚ ਪੰਜ ਦਿਨ ਕੰਮ ਕਰਨ ਸਮੇਤ ਹੋਰ ਮੰਗਾਂ ਨੂੰ ਲੈ ਕੇ ਇਹ ਹੜਤਾਲ ਕੀਤੀ ਜਾ ਰਹੀ ਹੈ।
ਹੜਤਾਲ ਦੇ ਮੱਦੇਨਜ਼ਰ ਸਰਕਾਰੀ ਬੈਂਕਾਂ ਅਤੇ ਕੁਝ ਪੁਰਾਣੇ ਨਿੱਜੀ ਬੈਂਕਾਂ ਵੱਲੋਂ ਆਪਣੇ ਗਾਹਕਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਗਈ ਹੈ। ਬੈਂਕਾਂ ਨੇ ਗਾਹਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹੜਤਾਲ ਦੌਰਾਨ ਹੋ ਸਕਦੀ ਅਸੁਵਿਧਾ ਨੂੰ ਧਿਆਨ ਵਿੱਚ ਰੱਖਦਿਆਂ ਆਪਣੇ ਜ਼ਰੂਰੀ ਬੈਂਕਿੰਗ ਕੰਮ ਪਹਿਲਾਂ ਹੀ ਨਿਪਟਾ ਲੈਣ।
ਗਾਹਕਾਂ ਦੀ ਸਹੂਲਤ ਨੂੰ ਧਿਆਨ ਵਿੱਚ ਰੱਖਦਿਆਂ ਸਰਕਾਰ ਨੇ ਸਰਕਾਰੀ ਬੈਂਕਾਂ ਨੂੰ ਐਤਵਾਰ, 27 ਸਤੰਬਰ ਨੂੰ ਖੁੱਲ੍ਹਾ ਰੱਖਣ ਦੇ ਨਿਰਦੇਸ਼ ਦਿੱਤੇ ਹਨ। ਇਸ ਦੌਰਾਨ ਬੈਂਕਾਂ ਵੱਲੋਂ ਆਮ ਕੰਮਕਾਜ ਮੁਹੱਈਆ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।
ਹੜਤਾਲ ਕਾਰਨ ਸ਼ਾਖਾਵਾਂ ਵਿੱਚ ਨਕਦੀ ਜਮ੍ਹਾਂ ਕਰਵਾਉਣ, ਕਢਵਾਉਣ ਅਤੇ ਹੋਰ ਕਾਊਂਟਰ ਸੇਵਾਵਾਂ ਪ੍ਰਭਾਵਿਤ ਹੋ ਸਕਦੀਆਂ ਹਨ। ਹਾਲਾਂਕਿ, ਡਿਜੀਟਲ ਬੈਂਕਿੰਗ, ਏਟੀਐਮ ਅਤੇ ਆਨਲਾਈਨ ਸੇਵਾਵਾਂ ਉਪਲਬਧ ਰਹਿਣ ਦੀ ਸੰਭਾਵਨਾ ਹੈ।







