Accident News: ਦਰਦਨਾਕ ਸੜਕ ਹਾਦਸੇ ‘ਚ ਔਰਤ ਦੀ ਮੌਤ, ਪੁੱਤ ਗੰਭੀਰ ਜ਼ਖ਼ਮੀ
ਐਕਟਿਵਾ ਅੱਗੇ ਅਚਾਨਕ ਵਿਅਕਤੀ ਆਉਣ ਕਾਰਨ ਵਾਪਰਿਆ ਹਾਦਸਾ, ਔਰਤ ਦੀ ਮੌਤ; ਪੁੱਤਰ ਗੰਭੀਰ ਜ਼ਖ਼ਮੀ
ਹੁਸ਼ਿਆਰਪੁਰ, 27 ਸਤੰਬਰ 2026: ਮਾਹਿਲਪੁਰ-ਗੜ੍ਹਸ਼ੰਕਰ ਰੋਡ ’ਤੇ ਪਿੰਡ ਟੂਟੋਮਜਾਰਾ ਨੇੜੇ ਬੀਤੀ ਰਾਤ ਵਾਪਰੇ ਸੜਕ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਹੋ ਗਈ, ਜਦਕਿ ਉਸ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਿਆ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਔਰਤ ਆਪਣੇ ਪੇਕੇ ਘਰ ਤੋਂ ਪੁੱਤਰ ਨਾਲ ਐਕਟਿਵਾ ’ਤੇ ਵਾਪਸ ਆ ਰਹੀ ਸੀ।
ਪ੍ਰਾਪਤ ਜਾਣਕਾਰੀ ਅਨੁਸਾਰ, ਟੂਟੋਮਜਾਰਾ ਨੇੜੇ ਐਕਟਿਵਾ ਦੇ ਸਾਹਮਣੇ ਅਚਾਨਕ ਕੋਈ ਵਿਅਕਤੀ ਆ ਗਿਆ। ਇਸ ਕਾਰਨ ਐਕਟਿਵਾ ਬੇਕਾਬੂ ਹੋ ਕੇ ਸੜਕ ’ਤੇ ਡਿੱਗ ਗਈ। ਹਾਦਸੇ ਵਿੱਚ ਔਰਤ ਅਤੇ ਉਸ ਦਾ ਪੁੱਤਰ ਗੰਭੀਰ ਜ਼ਖ਼ਮੀ ਹੋ ਗਏ। ਦੋਵਾਂ ਨੂੰ ਇਲਾਜ ਲਈ ਸਿਵਲ ਹਸਪਤਾਲ ਮਾਹਿਲਪੁਰ ਲਿਆਂਦਾ ਗਿਆ, ਜਿੱਥੇ ਡਾਕਟਰਾਂ ਨੇ ਜਸਵਿੰਦਰ ਕੌਰ ਪਤਨੀ ਗੁਰਚਰਨਪ੍ਰੀਤ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਦਾ ਪੁੱਤਰ ਜਸਕਰਨ ਸਿੰਘ ਹਸਪਤਾਲ ਵਿੱਚ ਇਲਾਜ ਅਧੀਨ ਹੈ।
ਘਟਨਾ ਦੀ ਸੂਚਨਾ ਮਿਲਣ ’ਤੇ ਥਾਣਾ ਮਾਹਿਲਪੁਰ ਦੀ ਪੁਲਿਸ ਮੌਕੇ ’ਤੇ ਪਹੁੰਚੀ। ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਪੋਸਟਮਾਰਟਮ ਲਈ ਗੜ੍ਹਸ਼ੰਕਰ ਭੇਜ ਦਿੱਤਾ ਹੈ ਅਤੇ ਹਾਦਸੇ ਸਬੰਧੀ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।







