ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਨਾਜਾਇਜ਼ ਹਥਿਆਰਾਂ ਤੇ ਵਿਸਫੋਟਕਾਂ ਦੀ ਸਪਲਾਈ ਲੜੀ ਦਾ ਪਰਦਾਫਾਸ਼
ਅੰਮ੍ਰਿਤਸਰ 4 ਅਕਤੂਬਰ 2026
ਅੰਮ੍ਰਿਤਸਰ ਦਿਹਾਤੀ ਪੁਲਿਸ ਨੇ ਨਾਜਾਇਜ਼ ਹਥਿਆਰਾਂ ਅਤੇ ਵਿਸਫੋਟਕ ਸਮੱਗਰੀ ਦੀ ਸਪਲਾਈ ਕਰਨ ਵਾਲੇ ਗਿਰੋਹ ਵਿਰੁੱਧ ਕਾਰਵਾਈ ਕਰਦਿਆਂ ਇੱਕ ਮੁਲਜ਼ਮ ਨੂੰ ਕਾਬੂ ਕਰਕੇ ਉਸ ਦੇ ਕਬਜ਼ੇ ਵਿੱਚੋਂ ਇੱਕ ਏਕੇ-47 ਰਾਈਫ਼ਲ, ਇੱਕ ਮੈਗਜ਼ੀਨ, ਜ਼ਿੰਦਾ ਕਾਰਤੂਸ ਅਤੇ ਦੋ ਹੱਥਗੋਲੇ ਬਰਾਮਦ ਕੀਤੇ ਹਨ। ਪੁਲਿਸ ਦੀ ਇਸ ਕਾਰਵਾਈ ਨੂੰ ਨਾਜਾਇਜ਼ ਹਥਿਆਰਾਂ ਦੀ ਤਸਕਰੀ ਵਿਰੁੱਧ ਅਹਿਮ ਸਫਲਤਾ ਮੰਨਿਆ ਜਾ ਰਿਹਾ ਹੈ।
ਮੁੱਢਲੀ ਜਾਂਚ ਦੌਰਾਨ ਸਾਹਮਣੇ ਆਇਆ ਹੈ ਕਿ ਕਾਬੂ ਕੀਤਾ ਗਿਆ ਮੁਲਜ਼ਮ ਵਿਦੇਸ਼ਾਂ ਵਿੱਚ ਬੈਠੇ ਹਥਿਆਰਾਂ ਦੇ ਤਸਕਰਾਂ ਨਾਲ ਕਥਿਤ ਤੌਰ ’ਤੇ ਸੰਪਰਕ ਵਿੱਚ ਸੀ ਅਤੇ ਨਾਜਾਇਜ਼ ਹਥਿਆਰ ਹਾਸਲ ਕਰਨ, ਅਤੇ ਉਨ੍ਹਾਂ ਦੀ ਸਪਲਾਈ ਵਿੱਚ ਸ਼ਾਮਲ ਹੋਣ ਦੀ ਗੱਲ ਸਾਹਮਣੇ ਆਈ ਹੈ। ਹਾਲਾਂਕਿ ਪੁਲਿਸ ਵੱਲੋਂ ਇਸ ਸਬੰਧੀ ਹੋਰ ਜਾਂਚ ਕੀਤੀ ਜਾ ਰਹੀ ਹੈ।
ਇਸ ਮਾਮਲੇ ਸਬੰਧੀ ਥਾਣਾ ਘਰਿੰਡਾ, ਅੰਮ੍ਰਿਤਸਰ ਵਿਖੇ ਅਸਲਾ ਕਾਨੂੰਨ ਅਤੇ ਵਿਸਫੋਟਕ ਪਦਾਰਥ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਇਸ ਗੈਰ-ਕਾਨੂੰਨੀ ਜਾਲ ਨਾਲ ਜੁੜੀਆਂ ਹੋਰ ਕੜੀਆਂ ਅਤੇ ਇਸ ਦੇ ਪਿੱਛੇ ਕੰਮ ਕਰ ਰਹੇ ਵਿਅਕਤੀਆਂ ਦੀ ਪਛਾਣ ਕਰਨ ਲਈ ਜਾਂਚ ਜਾਰੀ ਹੈ।







