ASI ’ਤੇ ਫਾਇਰਿੰਗ ਦਾ ਮਾਮਲਾ: ਭਰਜਾਈ ਸਮੇਤ ਅਣਪਛਾਤਿਆਂ ਖ਼ਿਲਾਫ਼ ਕੇਸ ਦਰਜ

Top Trending News ਪੰਜਾਬ

 

ਅਜਨਾਲਾ ਨੇੜੇ GRP ਦੇ ASI ’ਤੇ ਫਾਇਰਿੰਗ, ਭਰਜਾਈ ਸਮੇਤ ਅਣਪਛਾਤਿਆਂ ਖ਼ਿਲਾਫ਼ ਕੇਸ

ਅਜਨਾਲਾ, 5 ਅਕਤੂਬਰ 2026: ਅਜਨਾਲਾ ਨੇੜੇ ਬੀਤੀ ਸ਼ਾਮ ਜੀ.ਆਰ.ਪੀ. ਦੇ ਏ.ਐੱਸ.ਆਈ. ਸੁਖਚੈਨ ਸਿੰਘ ’ਤੇ ਹੋਈ ਗੋਲੀਬਾਰੀ ਦੇ ਮਾਮਲੇ ਵਿੱਚ ਪੁਲਿਸ ਨੇ ਉਸ ਦੀ ਭਰਜਾਈ ਗੁਰਪ੍ਰੀਤ ਕੌਰ ਸਮੇਤ ਕੁਝ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।

ਐੱਸ.ਐੱਸ.ਪੀ. ਕੰਵਲਪ੍ਰੀਤ ਸਿੰਘ ਚਾਹਲ ਨੇ ਦੱਸਿਆ ਕਿ ਏ.ਐੱਸ.ਆਈ. ਸੁਖਚੈਨ ਸਿੰਘ ਡਿਊਟੀ ਤੋਂ ਛੁੱਟੀ ਮਗਰੋਂ ਕਰੀਬ 7 ਵਜੇ ਘਰ ਵੱਲ ਜਾ ਰਿਹਾ ਸੀ। ਜਦੋਂ ਉਹ ਜਗਦੇਵ ਖ਼ੁਰਦ ਨੇੜੇ ਪੁਲੀ ਪਾਰ ਕਰ ਰਿਹਾ ਸੀ ਤਾਂ ਮੋਟਰਸਾਈਕਲ ਸਵਾਰ ਤਿੰਨ ਵਿਅਕਤੀਆਂ ਨੇ ਉਸ ’ਤੇ ਇੱਕ ਰਾਊਂਡ ਫਾਇਰ ਕੀਤਾ। ਗੋਲੀ ਉਸ ਦੀ ਬਾਂਹ ਵਿੱਚ ਲੱਗੀ, ਜਿਸ ਤੋਂ ਬਾਅਦ ਉਸ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ।

ਪੁਲਿਸ ਮੁਤਾਬਕ, ਜ਼ਖ਼ਮੀ ਏ.ਐੱਸ.ਆਈ. ਨੇ ਹਮਲੇ ਪਿੱਛੇ ਪੁਰਾਣੀ ਰੰਜਿਸ਼ ਹੋਣ ਦਾ ਸ਼ੱਕ ਜਤਾਇਆ ਹੈ। ਉਸ ਨੇ ਦੱਸਿਆ ਕਿ ਉਸ ਦੇ ਭਰਾ ਹੀਰਾ ਸਿੰਘ ਦਾ 2019 ਵਿੱਚ ਕਤਲ ਹੋਇਆ ਸੀ ਅਤੇ ਇਸ ਮਾਮਲੇ ਵਿੱਚ ਗੁਰਪ੍ਰੀਤ ਕੌਰ ਤੇ ਹੋਰਾਂ ਖ਼ਿਲਾਫ਼ ਕੇਸ ਸੈਸ਼ਨ ਕੋਰਟ ਵਿੱਚ ਵਿਚਾਰ ਅਧੀਨ ਹੈ।

ਐੱਸ.ਐੱਸ.ਪੀ. ਨੇ ਕਿਹਾ ਕਿ ਮਾਮਲੇ ਦੀ ਡੂੰਘਾਈ ਨਾਲ ਜਾਂਚ ਲਈ ਕਈ ਪੁਲਿਸ ਟੀਮਾਂ ਬਣਾਈਆਂ ਗਈਆਂ ਹਨ। ਤਕਨੀਕੀ ਜਾਂਚ ਦੇ ਨਾਲ ਮਨੁੱਖੀ ਸੂਚਨਾ ਤੰਤਰ ਦੀ ਵੀ ਮਦਦ ਲਈ ਜਾ ਰਹੀ ਹੈ ਅਤੇ ਸ਼ੱਕੀ ਵਿਅਕਤੀਆਂ ਦੇ ਟਿਕਾਣਿਆਂ ’ਤੇ ਛਾਪੇਮਾਰੀ ਜਾਰੀ ਹੈ।