ਕਾਂਗਰਸੀ ਆਗੂ ਦਿਨੇਸ਼ ਬੱਸੀ ਗ੍ਰਿਫ਼ਤਾਰ, ਥਾਣੇ ਬਾਹਰ ਕਾਂਗਰਸੀ ਕੌਂਸਲਰਾਂ ਦਾ ਧਰਨਾ

Top Trending News ਪੰਜਾਬ
  • ਕਾਂਗਰਸੀ ਆਗੂ ਦਿਨੇਸ਼ ਬੱਸੀ ਗ੍ਰਿਫ਼ਤਾਰ, ਥਾਣੇ ਬਾਹਰ ਕਾਂਗਰਸੀ ਕੌਂਸਲਰਾਂ ਦਾ ਧਰਨਾ

ਅੰਮ੍ਰਿਤਸਰ, 5 ਅਕਤੂਬਰ (ਦੇਸ਼ ਕਲਿੱਕ ਬਿਊਰੋ): ਕਾਂਗਰਸ ਆਗੂ ਅਤੇ ਅੰਮ੍ਰਿਤਸਰ ਇੰਪਰੂਵਮੈਂਟ ਟਰੱਸਟ ਦੇ ਸਾਬਕਾ ਚੇਅਰਮੈਨ ਦਿਨੇਸ਼ ਬੱਸੀ ਨੂੰ ਪੁਲਿਸ ਨੇ ਫਰਾਡ ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕਰ ਲਿਆ ਹੈ। ਸਿਵਲ ਲਾਈਨ ਪੁਲਿਸ ਨੇ ਮਾਮਲੇ ਸਬੰਧੀ ਪੁੱਛਗਿੱਛ ਤੋਂ ਬਾਅਦ ਇਹ ਕਾਰਵਾਈ ਕੀਤੀ। ਇਹ ਕੇਸ ਦਿਨੇਸ਼ ਬੱਸੀ ਦੇ ਪੁੱਤਰ ਅਤੇ ਉਸ ਦੇ ਦੋਸਤ ਖ਼ਿਲਾਫ਼ ਦਰਜ ਕੀਤਾ ਗਿਆ ਸੀ।

ਦਿਨੇਸ਼ ਬੱਸੀ ਦੀ ਗ੍ਰਿਫ਼ਤਾਰੀ ਦੇ ਵਿਰੋਧ ਵਿੱਚ ਕਾਂਗਰਸੀ ਕੌਂਸਲਰਾਂ ਨੇ ਥਾਣੇ ਦੇ ਬਾਹਰ ਧਰਨਾ ਲਗਾ ਦਿੱਤਾ। ਇਸ ਦੌਰਾਨ ਕੁਝ ਕੌਂਸਲਰ ਥਾਣੇ ਦੇ ਅੰਦਰ ਜਾਣ ਦੀ ਕੋਸ਼ਿਸ਼ ਕਰਨ ਲੱਗੇ, ਜਿਸ ’ਤੇ ਪੁਲਿਸ ਮੁਲਾਜ਼ਮਾਂ ਨੇ ਉਨ੍ਹਾਂ ਨੂੰ ਖਿੱਚ ਕੇ ਬਾਹਰ ਕੱਢ ਦਿੱਤਾ। ਹੰਗਾਮੇ ਦੌਰਾਨ ਥਾਣੇ ਦਾ ਦਰਵਾਜ਼ਾ ਵੀ ਬੰਦ ਕਰ ਦਿੱਤਾ ਗਿਆ।

ਕਾਂਗਰਸ ਦੇ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਕੌਂਸਲਰਾਂ ਦੇ ਧਰਨੇ ਵਿੱਚ ਪਹੁੰਚੇ। ਪੁਲਿਸ ਨੇ ਦਿਨੇਸ਼ ਬੱਸੀ ਦੇ ਪੁੱਤਰ ਅਤੇ ਉਸ ਦੇ ਦੋਸਤ ਖ਼ਿਲਾਫ਼ 50 ਲੱਖ ਰੁਪਏ ਦੀ ਕਥਿਤ ਧੋਖਾਧੜੀ ਦੇ ਦੋਸ਼ ਹੇਠ ਮਾਮਲਾ ਦਰਜ ਕੀਤਾ ਸੀ। ਇਸੇ ਮਾਮਲੇ ਦੀ ਜਾਂਚ ਦੌਰਾਨ ਬੱਸੀ ਤੋਂ ਪੁੱਛਗਿੱਛ ਕੀਤੀ ਗਈ, ਜਿਸ ਤੋਂ ਬਾਅਦ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ।

ਔਜਲਾ ਨੇ ਕਿਹਾ- ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ
ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਦੋਸ਼ ਲਾਇਆ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਵਿਗੜ ਚੁੱਕੀ ਹੈ ਅਤੇ ਪੁਲਿਸ ਦਾ ਸਿਆਸੀਕਰਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਨੂੰ ਸਾਜ਼ਿਸ਼ ਤਹਿਤ ਨਿਸ਼ਾਨਾ ਬਣਾਇਆ ਜਾ ਰਿਹਾ ਹੈ।

ਔਜਲਾ ਨੇ ਕਿਹਾ ਕਿ ਸ਼ਹਿਰ ਵਿੱਚ ਪੁਲਿਸ ਥਾਣਿਆਂ ’ਤੇ ਗ੍ਰਨੇਡ ਹਮਲਿਆਂ ਅਤੇ ਪੁਲਿਸ ਅਧਿਕਾਰੀਆਂ ’ਤੇ ਗੋਲੀਬਾਰੀ ਦੀਆਂ ਘਟਨਾਵਾਂ ਕਾਰਨ ਦਹਿਸ਼ਤ ਦਾ ਮਾਹੌਲ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਵਿਸ਼ਵ ਪ੍ਰਸਿੱਧ ਧਾਰਮਿਕ ਅਤੇ ਸੈਰ-ਸਪਾਟਾ ਕੇਂਦਰ ਹੈ, ਜਿੱਥੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਸ਼ਰਧਾਲੂ ਅਤੇ ਸੈਲਾਨੀ ਪਹੁੰਚਦੇ ਹਨ। ਅਜਿਹੇ ਵਿੱਚ ਪੁਲਿਸ ਅਤੇ ਪ੍ਰਮੁੱਖ ਸੰਸਥਾਵਾਂ ਨੂੰ ਨਿਸ਼ਾਨਾ ਬਣਾਏ ਜਾਣ ਨਾਲ ਸ਼ਹਿਰ ਦੀ ਛਵੀ ਅਤੇ ਸੈਰ-ਸਪਾਟਾ ਕਾਰੋਬਾਰ ਪ੍ਰਭਾਵਿਤ ਹੋ ਸਕਦਾ ਹੈ।