- ਪੰਜਾਬ ਪੁਲਿਸ ਦਾ ਮੁਲਾਜ਼ਮ ਗ੍ਰਿਫ਼ਤਾਰ, ਪੜ੍ਹੋ ਕੀ ਹੈ ਮਾਮਲਾ ?
ਖੰਨਾ, 5 ਅਕਤੂਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਸਰਕਾਰ ਵੱਲੋਂ ਨਸ਼ਿਆਂ ਖ਼ਿਲਾਫ਼ ਚਲਾਈ ਜਾ ਰਹੀ ਮੁਹਿੰਮ ਤਹਿਤ ਖੰਨਾ ਪੁਲਿਸ ਨੇ ਦੋ ਵੱਖ-ਵੱਖ ਕਾਰਵਾਈਆਂ ਦੌਰਾਨ ਇੱਕ ਪੁਲਿਸ ਮੁਲਾਜ਼ਮ ਨੂੰ 10 ਗ੍ਰਾਮ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਹੈ। ਦੂਜੇ ਮਾਮਲੇ ਵਿੱਚ ਇੱਕ ਹੋਮਗਾਰਡ ਜਵਾਨ ਸਮੇਤ ਤਿੰਨ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਨਸ਼ਾ ਕਰਦੇ ਹੋਏ ਕਾਬੂ ਕੀਤਾ ਗਿਆ।
ਕੇਸ-1: ਹੈਰੋਇਨ ਸਮੇਤ ਸਿਪਾਹੀ ਗ੍ਰਿਫ਼ਤਾਰ
ਸਿਟੀ ਥਾਣਾ-2 ਦੇ ਐੱਸਐੱਚਓ ਤਰਵਿੰਦਰ ਬੇਦੀ ਮੁਤਾਬਕ ਪੁਲਿਸ ਲਾਈਨ ਵਿੱਚ ਲਾਈਨ ਹਾਜ਼ਰ ਚੱਲ ਰਹੇ ਸਿਪਾਹੀ ਅਰੁਣ ਸ਼ਰਮਾ ਖ਼ਿਲਾਫ਼ ਕਥਿਤ ਨਸ਼ਾ ਤਸਕਰੀ ਸਬੰਧੀ ਸ਼ਿਕਾਇਤਾਂ ਮਿਲ ਰਹੀਆਂ ਸਨ। ਇਸ ਤੋਂ ਬਾਅਦ 4 ਅਕਤੂਬਰ ਨੂੰ ਕਾਰਵਾਈ ਕੀਤੀ ਗਈ। ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਅਰੁਣ ਸ਼ਰਮਾ ਹੈਰੋਇਨ ਦੀ ਕਥਿਤ ਸਪਲਾਈ ਲਈ ਜਾ ਰਿਹਾ ਹੈ। ਪੁਲਿਸ ਨੇ ਅਮਲੋਹ ਰੋਡ ’ਤੇ ਸਬਜ਼ੀ ਮੰਡੀ ਦੇ ਪਿੱਛੇ ਉਸ ਨੂੰ ਕਾਬੂ ਕੀਤਾ। ਪੁਲਿਸ ਮੁਤਾਬਕ ਉਸ ਨੇ ਹੱਥ ਵਿੱਚ ਫੜਿਆ ਲਿਫ਼ਾਫ਼ਾ ਪੈਰਾਂ ਕੋਲ ਸੁੱਟ ਦਿੱਤਾ, ਜਿਸ ਵਿੱਚੋਂ 10 ਗ੍ਰਾਮ ਹੈਰੋਇਨ ਬਰਾਮਦ ਹੋਈ।
ਪੁਲਿਸ ਨੇ ਅਰੁਣ ਸ਼ਰਮਾ ਖ਼ਿਲਾਫ਼ ਥਾਣਾ ਸਿਟੀ-2 ਵਿੱਚ ਕੇਸ ਦਰਜ ਕਰ ਲਿਆ ਹੈ। ਪੁਲਿਸ ਉਸ ਦੇ ਕਥਿਤ ਨਸ਼ਾ ਸਪਲਾਈ ਨੈੱਟਵਰਕ ਅਤੇ ਹੋਰ ਸਬੰਧਾਂ ਦੀ ਜਾਂਚ ਕਰ ਰਹੀ ਹੈ। ਪੁਲਿਸ ਮੁਤਾਬਕ ਅਰੁਣ ਸ਼ਰਮਾ ਸਾਲ 2016 ਵਿੱਚ ਪੰਜਾਬ ਪੁਲਿਸ ਵਿੱਚ ਭਰਤੀ ਹੋਇਆ ਸੀ। ਡਿਊਟੀ ਵਿੱਚ ਲਾਪਰਵਾਹੀ ਦੇ ਮਾਮਲੇ ਵਿੱਚ ਉਹ ਪਹਿਲਾਂ ਹੀ ਲਾਈਨ ਹਾਜ਼ਰ ਸੀ ਅਤੇ ਕਾਫ਼ੀ ਸਮੇਂ ਤੋਂ ਡਿਊਟੀ ਤੋਂ ਗੈਰਹਾਜ਼ਰ ਚੱਲ ਰਿਹਾ ਸੀ।
ਕੇਸ-2: ਹੋਮਗਾਰਡ ਜਵਾਨ ਸਮੇਤ ਤਿੰਨ ਕਾਬੂ
ਦੂਜੇ ਮਾਮਲੇ ਵਿੱਚ ਖੰਨਾ ਪੁਲਿਸ ਨੇ ਹੋਮਗਾਰਡ ਜਵਾਨ ਪ੍ਰਿੰਸ ਸਮੇਤ ਤਿੰਨ ਵਿਅਕਤੀਆਂ ਨੂੰ ਮਾਜਰਾ ਪਿੰਡ ਤੋਂ ਕਾਬੂ ਕੀਤਾ। ਸਦਰ ਥਾਣੇ ਦੇ ਐੱਸਐੱਚਓ ਵਿਜੈਪਾਲ ਸਿੰਘ ਨੇ ਦੱਸਿਆ ਕਿ ਪੁਲਿਸ ਨੇ ਪਿੰਡ ਵਿੱਚ ਛਾਪੇਮਾਰੀ ਦੌਰਾਨ ਤਿੰਨ ਵਿਅਕਤੀਆਂ ਨੂੰ ਕਥਿਤ ਤੌਰ ’ਤੇ ਨਸ਼ਾ ਕਰਦੇ ਹੋਏ ਗ੍ਰਿਫ਼ਤਾਰ ਕੀਤਾ। ਕਾਬੂ ਕੀਤੇ ਗਏ ਹੋਰ ਦੋ ਵਿਅਕਤੀਆਂ ਦੀ ਪਛਾਣ ਸ਼ਮਸ਼ਾਦ ਮੁਹੰਮਦ ਵਾਸੀ ਇਕੋਲਾਹਾ ਅਤੇ ਇੰਦਰਜੀਤ ਸਿੰਘ ਵਾਸੀ ਹਰਬੰਸਪੁਰਾ ਵਜੋਂ ਹੋਈ ਹੈ।
ਪੁਲਿਸ ਮੁਤਾਬਕ ਗ੍ਰਿਫ਼ਤਾਰੀ ਤੋਂ ਬਾਅਦ ਪਤਾ ਲੱਗਾ ਕਿ ਪ੍ਰਿੰਸ ਹੋਮਗਾਰਡ ਜਵਾਨ ਹੈ। ਉਸ ਦਾ ਖੰਨਾ ਦੇ ਸਿਵਲ ਹਸਪਤਾਲ ਵਿੱਚ ਡੋਪ ਟੈਸਟ ਕਰਵਾਇਆ ਗਿਆ, ਜਿਸ ਦੀ ਰਿਪੋਰਟ ਪਾਜ਼ੀਟਿਵ ਆਈ। ਪੁਲਿਸ ਮੁਤਾਬਕ ਪ੍ਰਿੰਸ ਖੰਨਾ ਦੀ ਰੇਲਵੇ ਪੁਲਿਸ ਚੌਕੀ ਵਿੱਚ ਤਾਇਨਾਤ ਸੀ ਅਤੇ ਉਸ ਨੂੰ ਇਹ ਨੌਕਰੀ ਆਪਣੇ ਪਿਤਾ ਦੀ ਥਾਂ ਮਿਲੀ ਸੀ।







