- ਗੈਂਗਸਟਰ ਜੱਗੂ ਭਗਵਾਨਪੁਰੀਆ ਤੇ ਭੂੱਪੀ ਰਾਣਾ ਨੂੰ ਅਦਾਲਤ ਨੇ ਕੀਤਾ ਬਰੀ
ਮੋਹਾਲੀ, 5 ਅਕਤੂਬਰ (ਦੇਸ਼ ਕਲਿੱਕ ਬਿਊਰੋ): ਪੰਜਾਬ ਦੀ ਮੋਹਾਲੀ ਅਦਾਲਤ ਨੇ ਨਾਜਾਇਜ਼ ਹਥਿਆਰਾਂ ਦੀ ਬਰਾਮਦਗੀ ਨਾਲ ਜੁੜੇ ਕਰੀਬ ਤਿੰਨ ਸਾਲ ਪੁਰਾਣੇ ਮਾਮਲੇ ਵਿੱਚ ਗੈਂਗਸਟਰ ਜਗਦੀਪ ਸਿੰਘ ਉਰਫ਼ ਜੱਗੂ ਭਗਵਾਨਪੁਰੀਆ ਅਤੇ ਭੂਪਿੰਦਰ ਸਿੰਘ ਉਰਫ਼ ਭੂੱਪੀ ਰਾਣਾ ਨੂੰ ਸਬੂਤਾਂ ਦੀ ਘਾਟ ਕਾਰਨ ਬਰੀ ਕਰ ਦਿੱਤਾ ਹੈ। ਪੁਲਿਸ ਦੋਵਾਂ ਦਾ ਹੋਰ ਮੁਲਜ਼ਮਾਂ ਨਾਲ ਸਬੰਧ ਜਾਂ ਲਿੰਕ ਅਦਾਲਤ ਵਿੱਚ ਸਾਬਤ ਨਹੀਂ ਕਰ ਸਕੀ। ਅਦਾਲਤ ਨੇ ਸੌਰਵ ਕੁਮਾਰ ਉਰਫ਼ ਅੱਜੂ, ਕੁਸ਼ਾਰ ਆਸ਼ੀਸ਼ ਰਾਮਸਵਰੂਪ ਅਤੇ ਸ਼ਿਵਰਾਜ ਸੈਣੀ ਨੂੰ ਆਰਮਜ਼ ਐਕਟ ਤਹਿਤ ਦੋਸ਼ੀ ਕਰਾਰ ਦਿੰਦਿਆਂ ਤਿੰਨਾਂ ਨੂੰ 3-3 ਸਾਲ ਦੀ ਕੈਦ ਅਤੇ 10-10 ਹਜ਼ਾਰ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਜੁਰਮਾਨਾ ਨਾ ਭਰਨ ਦੀ ਸੂਰਤ ਵਿੱਚ 2-2 ਮਹੀਨੇ ਦੀ ਵਾਧੂ ਕੈਦ ਹੋਵੇਗੀ।
ਹਾਲਾਂਕਿ ਅਦਾਲਤ ਨੇ ਤਿੰਨਾਂ ਨੂੰ ਧੋਖਾਧੜੀ ਨਾਲ ਸਬੰਧਤ IPC ਦੀਆਂ ਧਾਰਾਵਾਂ 406, 420 ਅਤੇ 120-ਬੀ ਦੇ ਦੋਸ਼ਾਂ ਤੋਂ ਵੀ ਬਰੀ ਕਰ ਦਿੱਤਾ। ਅਦਾਲਤ ਮੁਤਾਬਕ ਇਨ੍ਹਾਂ ਧਾਰਾਵਾਂ ਤਹਿਤ ਦੋਸ਼ ਸਾਬਤ ਕਰਨ ਲਈ ਪੁਲਿਸ ਲੋੜੀਂਦੇ ਸਬੂਤ ਪੇਸ਼ ਨਹੀਂ ਕਰ ਸਕੀ। ਮਾਮਲੇ ਦੇ ਚੌਥੇ ਮੁਲਜ਼ਮ ਰਣਜੀਤ ਸਿੰਘ ਉਰਫ਼ ਕਾਕਾ ਦੀ ਟਰਾਇਲ ਦੌਰਾਨ ਮੌਤ ਹੋ ਗਈ ਸੀ।
18 ਅਕਤੂਬਰ 2023 ਨੂੰ ਹਥਿਆਰਾਂ ਸਮੇਤ ਗ੍ਰਿਫ਼ਤਾਰੀ
ਪੁਲਿਸ ਮੁਤਾਬਕ 18 ਅਕਤੂਬਰ 2023 ਨੂੰ ASI ਗੁਰਦੀਪ ਸਿੰਘ ਦੀ ਟੀਮ ਬਲੌਂਗੀ ਦੇ ਟੀ-ਪੁਆਇੰਟ ਨੇੜੇ ਜਾਂਚ ਕਰ ਰਹੀ ਸੀ। ਇਸ ਦੌਰਾਨ ਸੂਚਨਾ ਮਿਲੀ ਕਿ ਕੁਝ ਮੁਲਜ਼ਮ ਅਲੀਗੜ੍ਹ ਤੋਂ ਹਥਿਆਰ ਅਤੇ ਗੋਲਾ-ਬਾਰੂਦ ਖਰੀਦ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਗੈਂਗਸਟਰਾਂ ਨੂੰ ਸਪਲਾਈ ਕਰਦੇ ਹਨ। ਸੂਚਨਾ ਦੇ ਆਧਾਰ ’ਤੇ ਪੁਲਿਸ ਨੇ ਗੰਦੇ ਪਾਣੀ ਦੇ ਨਾਲੇ ਦੇ ਪੁਲ ਨੇੜੇ ਘੇਰਾਬੰਦੀ ਕਰਕੇ ਮੁਲਜ਼ਮਾਂ ਨੂੰ ਹਥਿਆਰਾਂ ਅਤੇ ਗੋਲਾ-ਬਾਰੂਦ ਸਮੇਤ ਕਾਬੂ ਕੀਤਾ। ਪੁਲਿਸ ਅਨੁਸਾਰ 20 ਅਕਤੂਬਰ ਨੂੰ ਸ਼ਿਵਰਾਜ ਸੈਣੀ ਦੇ ਖੁਲਾਸੇ ਦੇ ਆਧਾਰ ’ਤੇ ਕੁਸ਼ਾਰ ਆਸ਼ੀਸ਼ ਨੂੰ ਮਾਮਲੇ ਵਿੱਚ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ ਵੀ ਹਥਿਆਰ ਬਰਾਮਦ ਹੋਏ।
ਵਿਦੇਸ਼ ਰਹਿੰਦੇ ਲੋਕਾਂ ਨਾਲ ਧੋਖਾਧੜੀ ਦਾ ਮਾਮਲਾ ਵੀ ਸਾਹਮਣੇ ਆਇਆ
ਪੁੱਛਗਿੱਛ ਦੌਰਾਨ ਪੁਲਿਸ ਨੂੰ ਕਥਿਤ ਤੌਰ ’ਤੇ ਪਤਾ ਲੱਗਾ ਕਿ ਕੁਸ਼ਾਰ ਲੋਕਾਂ ਨੂੰ ਨਿੱਜੀ ਕਰਜ਼ਾ ਦਿਵਾਉਣ ਦਾ ਭਰੋਸਾ ਦੇ ਕੇ ਧੋਖਾਧੜੀ ਕਰਦਾ ਸੀ। 22 ਅਕਤੂਬਰ ਨੂੰ ਪੁੱਛਗਿੱਛ ਦੌਰਾਨ ਅਮਰੀਕਾ ਅਤੇ ਕੈਨੇਡਾ ਰਹਿੰਦੇ ਲੋਕਾਂ ਨਾਲ ਕਥਿਤ ਧੋਖਾਧੜੀ ਬਾਰੇ ਜਾਣਕਾਰੀ ਮਿਲਣ ਤੋਂ ਬਾਅਦ ਪੁਲਿਸ ਨੇ ਉਸ ਦੇ ਫਲੈਟ ਵਿੱਚੋਂ ਲੈਪਟਾਪ ਬਰਾਮਦ ਕੀਤਾ। ਜਾਂਚ ਦੌਰਾਨ ਸ਼ਿਵਰਾਜ ਸੈਣੀ ਦੇ ਖੁਲਾਸੇ ਦੇ ਆਧਾਰ ’ਤੇ ਜੱਗੂ ਭਗਵਾਨਪੁਰੀਆ ਨੂੰ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ। ਇਸ ਤੋਂ ਬਾਅਦ 1 ਦਸੰਬਰ ਨੂੰ ਜਾਂਚ ਦੌਰਾਨ ਸਾਹਮਣੇ ਆਏ ਤੱਥਾਂ ਦੇ ਆਧਾਰ ’ਤੇ ਭੂੱਪੀ ਰਾਣਾ ਨੂੰ ਵੀ ਨਾਮਜ਼ਦ ਕਰਕੇ ਗ੍ਰਿਫ਼ਤਾਰ ਕੀਤਾ ਗਿਆ ਸੀ।







