ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, ਥਾਣਿਆਂ ਦੇ ਐੱਸਐੱਚਓ ਬਦਲੇ

Top Trending News ਪੰਜਾਬ
  • ਪੁਲਿਸ ਵਿਭਾਗ ‘ਚ ਵੱਡਾ ਫੇਰਬਦਲ, ਥਾਣਿਆਂ ਦੇ ਐੱਸਐੱਚਓ ਬਦਲੇ

ਪਠਾਨਕੋਟ, 5 ਅਕਤੂਬਰ (ਦੇਸ਼ ਕਲਿੱਕ ਬਿਊਰੋ): ਪਠਾਨਕੋਟ ਵਿੱਚ ਪੁਲਿਸ ਵਿਭਾਗ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਐੱਸਐੱਸਪੀ ਮਨਪ੍ਰੀਤ ਸਿੰਘ ਨੇ ਸ਼ਹਿਰ ਦੇ ਤਿੰਨ ਮੁੱਖ ਥਾਣਿਆਂ ਦੇ ਐੱਸਐੱਚਓ ਸਮੇਤ ਕਈ ਅਹਿਮ ਸੈੱਲਾਂ ਦੇ ਇੰਚਾਰਜਾਂ ਦੇ ਤਬਾਦਲੇ ਕੀਤੇ ਹਨ। ਇਹ ਹੁਕਮ ਪੰਜਾਬ ਪੁਲਿਸ ਐਕਟ-2007 ਤਹਿਤ ਐਸਟੈਬਲਿਸ਼ਮੈਂਟ ਬੋਰਡ ਦੀਆਂ ਸਿਫਾਰਸ਼ਾਂ ਦੇ ਆਧਾਰ ’ਤੇ ਤੁਰੰਤ ਪ੍ਰਭਾਵ ਨਾਲ ਲਾਗੂ ਕੀਤੇ ਗਏ ਹਨ।

ਥਾਣਾ ਨੰਗਲਭੂਰ ਦੇ ਐੱਸਐੱਚਓ ਤੇ ਵੂਮੈਨ ਸੈੱਲ ਇੰਚਾਰਜ ਪੁਲਿਸ ਲਾਈਨ ਭੇਜੇ
ਥਾਣਾ ਨੰਗਲਭੂਰ ਦੇ ਐੱਸਐੱਚਓ ਅਤੇ ਵੂਮੈਨ ਸੈੱਲ ਦੇ ਇੰਚਾਰਜ ਨੂੰ ਪੁਲਿਸ ਲਾਈਨ ਭੇਜ ਦਿੱਤਾ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਲਾਈਨ ਵਿੱਚ ਤਾਇਨਾਤ ਦੋ ਸਬ-ਇੰਸਪੈਕਟਰਾਂ ਨੂੰ ਥਾਣਾ ਨੰਗਲਭੂਰ ਅਤੇ ਥਾਣਾ ਡਿਵੀਜ਼ਨ ਨੰਬਰ-2 ਦੀ ਕਮਾਨ ਸੌਂਪੀ ਗਈ ਹੈ। ਐੱਸਐੱਸਪੀ ਦਫ਼ਤਰ ਵੱਲੋਂ ਐਤਵਾਰ ਦੇਰ ਰਾਤ ਜਾਰੀ ਹੁਕਮਾਂ ਵਿੱਚ ਸਾਰੇ ਤਬਾਦਲਿਆਂ ਨੂੰ ਤੁਰੰਤ ਪ੍ਰਭਾਵ ਨਾਲ ਲਾਗੂ ਕਰਦਿਆਂ ਅਧਿਕਾਰੀਆਂ ਨੂੰ ਆਪਣੀ ਪੁਰਾਣੀ ਤਾਇਨਾਤੀ ਛੱਡ ਕੇ ਨਵੇਂ ਸਥਾਨ ’ਤੇ ਤੁਰੰਤ ਰਿਪੋਰਟ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ।

ਵੂਮੈਨ ਸੈੱਲ ਦੀ ਕਮਾਨ ਅਮਨਪ੍ਰੀਤ ਕੌਰ ਨੂੰ
ਡਿਸਟ੍ਰਿਕਟ ਟ੍ਰੇਨਿੰਗ ਸਕੂਲ ਅਤੇ ਹੋਰ ਸੈੱਲਾਂ ਦੀ ਜ਼ਿੰਮੇਵਾਰੀ ਸੰਭਾਲ ਰਹੀ ਇੰਸਪੈਕਟਰ ਅਮਨਪ੍ਰੀਤ ਕੌਰ ਨੂੰ ਹੁਣ ਵੂਮੈਨ ਸੈੱਲ ਪਠਾਨਕੋਟ ਦਾ ਨਵਾਂ ਇੰਚਾਰਜ ਨਿਯੁਕਤ ਕੀਤਾ ਗਿਆ ਹੈ।

ਈਓ ਵਿੰਗ ਦਾ ਚਾਰਜ ਹਰਪ੍ਰੀਤ ਕੌਰ ਨੂੰ
ਸੋਸ਼ਲ ਮੀਡੀਆ ਸੈੱਲ ਦੀ ਇੰਚਾਰਜ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਇਨਾਮਿਕ ਆਫੈਂਸ (EO) ਵਿੰਗ ਦਾ ਮੁੱਖ ਚਾਰਜ ਸੌਂਪਿਆ ਗਿਆ ਹੈ। ਇਸ ਦੇ ਨਾਲ ਉਹ ਸੋਸ਼ਲ ਮੀਡੀਆ ਸੈੱਲ, ਡਿਸਟ੍ਰਿਕਟ ਟ੍ਰੇਨਿੰਗ ਸਕੂਲ, ਐਂਟੀ ਹਿਊਮਨ ਟ੍ਰੈਫਿਕਿੰਗ ਯੂਨਿਟ, ਰਿਕਰੂਟਮੈਂਟ ਸੈੱਲ ਅਤੇ ਯੁਵਾ ਸਾਂਝ ਪਠਾਨਕੋਟ ਦਾ ਵਾਧੂ ਚਾਰਜ ਵੀ ਸੰਭਾਲਣਗੇ।