Breaking: ਕਾਲੇ ਸਾਗਰ ’ਚ ਮਾਲਵਾਹਕ ਜਹਾਜ਼ ’ਤੇ ਰੂਸੀ ਡਰੋਨ ਹਮਲਾ, ਕਪਤਾਨ ਸਮੇਤ ਦੋ ਦੀ ਮੌਤ
ਕੀਵ 6 ਅਕਤੂਬਰ 2026
ਕਾਲੇ ਸਾਗਰ ਵਿੱਚ ਇੱਕ ਨਾਗਰਿਕ ਮਾਲਵਾਹਕ ਜਹਾਜ਼ ਨੂੰ ਰੂਸੀ ਡਰੋਨਾਂ ਵੱਲੋਂ ਨਿਸ਼ਾਨਾ ਬਣਾਏ ਜਾਣ ਦੀ ਘਟਨਾ ਸਾਹਮਣੇ ਆਈ ਹੈ। ਹਮਲੇ ਕਾਰਨ ਜਹਾਜ਼ ਵਿੱਚ ਭਿਆਨਕ ਅੱਗ ਲੱਗ ਗਈ। ਯੂਕਰੇਨ ਦੇ ਰਾਸ਼ਟਰਪਤੀ ਵਲਾਦੀਮੀਰ ਜ਼ੇਲੈਂਸਕੀ ਨੇ ਇਸ ਹਮਲੇ ਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਜਹਾਜ਼ ਵਿੱਚ ਭਾਰਤ ਅਤੇ ਅਜ਼ਰਬਾਈਜਾਨ ਦੇ ਨਾਗਰਿਕ ਵੀ ਸਵਾਰ ਸਨ।
ਜ਼ੇਲੈਂਸਕੀ ਮੁਤਾਬਕ ਰੂਸੀ ਫੌਜ ਵੱਲੋਂ ਦਾਗੇ ਗਏ ਦੋ ਡਰੋਨਾਂ ਨੇ ਜਹਾਜ਼ ਨੂੰ ਨਿਸ਼ਾਨਾ ਬਣਾਇਆ। ਹਮਲੇ ਤੋਂ ਬਾਅਦ ਜਹਾਜ਼ ਦੇ ਕਪਤਾਨ ਦੀ ਮੌਤ ਹੋ ਗਈ, ਜਦਕਿ ਇੱਕ ਹੋਰ ਵਿਅਕਤੀ ਦੀ ਵੀ ਜਾਨ ਜਾਣ ਦੀ ਸੂਚਨਾ ਹੈ। ਇਸ ਤੋਂ ਇਲਾਵਾ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਇਆ ਹੈ।
ਰੋਮਾਨੀਆ ਦੇ ਅਧਿਕਾਰੀਆਂ ਅਨੁਸਾਰ ਜਹਾਜ਼ ਵਿੱਚ ਸਵਾਰ 11 ਵਿਅਕਤੀਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਹੈ। ਹਮਲੇ ਤੋਂ ਬਾਅਦ ਜਹਾਜ਼ ਵਿੱਚ ਲੱਗੀ ਅੱਗ ’ਤੇ ਕਾਬੂ ਪਾਉਣ ਅਤੇ ਪ੍ਰਭਾਵਿਤ ਲੋਕਾਂ ਨੂੰ ਸਹਾਇਤਾ ਦੇਣ ਲਈ ਰਾਹਤ ਕਾਰਜ ਚਲਾਏ ਗਏ। ਘਟਨਾ ਨੇ ਕਾਲੇ ਸਾਗਰ ਵਿੱਚ ਨਾਗਰਿਕ ਜਹਾਜ਼ਾਂ ਦੀ ਸੁਰੱਖਿਆ ਨੂੰ ਲੈ ਕੇ ਮੁੜ ਚਿੰਤਾ ਵਧਾ ਦਿੱਤੀ ਹੈ।







