ਪੰਜਾਬ ‘ਚ ਸਨਸਨੀਖ਼ੇਜ਼ ਵਾਰਦਾਤ; ਨਾਮੀ ਹੋਟਲ ‘ਚੋਂ ਨੌਜਵਾਨ ਅਤੇ ਮਹਿਲਾ ਦੀਆਂ ਮਿਲੀਆਂ ਲਾਸ਼ਾਂ!

Top Trending News ਪੰਜਾਬ

 

ਪੰਜਾਬ ‘ਚ ਸਨਸਨੀਖ਼ੇਜ਼ ਵਾਰਦਾਤ; ਨਾਮੀ ਹੋਟਲ ‘ਚੋਂ ਨੌਜਵਾਨ ਅਤੇ ਮਹਿਲਾ ਦੀਆਂ ਮਿਲੀਆਂ ਲਾਸ਼ਾਂ!

 

ਖੰਨਾ, 2 ਜੁਲਾਈ 2026

ਲੁਧਿਆਣਾ ਦੇ ਖੰਨਾ ਇਲਾਕੇ ਤੋਂ ਇੱਕ ਬੇਹੱਦ ਸਨਸਨੀਖੇਜ਼ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਬੁੱਧਵਾਰ ਸ਼ਾਮ ਨੂੰ ਇੱਕ ਨਾਮੀ ਹੋਟਲ ਦੇ ਕਮਰੇ ਵਿੱਚੋਂ ਇੱਕ ਨੌਜਵਾਨ ਅਤੇ ਮਹਿਲਾ ਦੀਆਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਬਰਾਮਦ ਹੋਈਆਂ। ਦੋਵਾਂ ਦੇ ਸਿਰ ਵਿੱਚ ਗੋਲੀ ਲੱਗੀ ਹੋਈ ਸੀ ਅਤੇ ਘਟਨਾ ਵਾਲੀ ਥਾਂ ਤੋਂ ਪੁਲਿਸ ਨੂੰ ਇੱਕ ਪਿਸਤੌਲ ਵੀ ਬਰਾਮਦ ਹੋਈ ਹੈ।

 

ਮਿਲੀ ਜਾਣਕਾਰੀ ਅਨੁਸਾਰ, ਦੋਵੇਂ ਮ੍ਰਿਤਕ ਤੜਕੇ ਹੀ ਹੋਟਲ ਪਹੁੰਚੇ ਸਨ ਅਤੇ ਉੱਥੇ ਰੂਮ ਬੁੱਕ ਕੀਤਾ ਸੀ। ਕਾਫ਼ੀ ਦੇਰ ਤੱਕ ਕਮਰੇ ਦੇ ਅੰਦਰੋਂ ਕੋਈ ਹਲਚਲ ਨਾ ਹੁੰਦੀ ਦੇਖ ਕੇ ਹੋਟਲ ਸਟਾਫ਼ ਨੂੰ ਸ਼ੱਕ ਹੋਇਆ। ਜਦੋਂ ਸਟਾਫ਼ ਨੇ ਦਰਵਾਜ਼ਾ ਖੋਲ੍ਹਣ ਦੀ ਕੋਸ਼ਿਸ਼ ਕੀਤੀ ਤਾਂ ਉਹ ਅੰਦਰੋਂ ਬੰਦ ਸੀ। ਇਸ ਤੋਂ ਬਾਅਦ ਹੋਟਲ ਪ੍ਰਬੰਧਕਾਂ ਵੱਲੋਂ ਜਦੋਂ ਦਰਵਾਜ਼ਾ ਤੋੜਿਆ ਗਿਆ, ਤਾਂ ਅੰਦਰ ਦਾ ਮੰਜ਼ਰ ਦੇਖ ਕੇ ਸਭ ਦੇ ਹੋਸ਼ ਉੱਡ ਗਏ। ਅੰਦਰ ਦੋਵਾਂ ਦੀਆਂ ਖ਼ੂਨ ਨਾਲ ਲੱਥਪੱਥ ਲਾਸ਼ਾਂ ਪਈਆਂ ਸਨ।

 

ਪੁਲਿਸ ਦੀ ਮੁਢਲੀ ਜਾਂਚ ਦੇ ਅਨੁਸਾਰ, ਮਹਿਲਾ ਅਤੇ ਨੌਜਵਾਨ ਦੋਵੇਂ ਪਹਿਲਾਂ ਤੋਂ ਹੀ ਸ਼ਾਦੀਸ਼ੁਦਾ ਸਨ। ਮ੍ਰਿਤਕ ਮਹਿਲਾ ਦੇ ਦੋ ਬੱਚੇ ਹਨ, ਜਦੋਂ ਕਿ ਨੌਜਵਾਨ ਦਾ ਵੀ ਇੱਕ ਬੱਚਾ ਹੈ। ਇਹ ਦੋਵੇਂ ਆਪਸ ਵਿੱਚ ਦੂਰ ਦੇ ਰਿਸ਼ਤੇਦਾਰ ਵੀ ਦੱਸੇ ਜਾ ਰਹੇ ਹਨ ਅਤੇ ਦੋਵਾਂ ਵਿਚਾਲੇ ਕਥਿਤ ਤੌਰ ‘ਤੇ ਨਜਾਇਜ਼ ਸਬੰਧ ਸਨ। ਸੂਤਰਾਂ ਮੁਤਾਬਕ ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਨੌਜਵਾਨ ਨੇ ਪਹਿਲਾਂ ਮਹਿਲਾ ਨੂੰ ਗੋਲੀ ਮਾਰੀ ਅਤੇ ਉਸ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰ ਕੇ ਖੁਦਕੁਸ਼ੀ ਕਰ ਲਈ। ਹਾਲਾਂਕਿ, ਪੁਲਿਸ ਪ੍ਰਸ਼ਾਸਨ ਨੇ ਅਜੇ ਤੱਕ ਇਸ ਖ਼ਦਸ਼ੇ ਦੀ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਹੈ ਅਤੇ ਮਾਮਲੇ ਦੀ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ।

 

ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਮ੍ਰਿਤਕ ਮਹਿਲਾ ਦੀ ਪਛਾਣ ਹਰਪ੍ਰੀਤ ਕੌਰ ਵਜੋਂ ਹੋਈ ਹੈ, ਜੋ ਕਿ ਤਰਨਤਾਰਨ ਦੀ ਰਹਿਣ ਵਾਲੀ ਸੀ। ਉੱਥੇ ਹੀ, ਮ੍ਰਿਤਕ ਨੌਜਵਾਨ ਦੀ ਪਛਾਣ ਮਨਜੀਤ ਸਿੰਘ ਵਜੋਂ ਹੋਈ ਹੈ, ਜੋ ਫਿਰੋਜ਼ਪੁਰ ਦਾ ਨਿਵਾਸੀ ਸੀ। ਜਾਂਚ ਦੌਰਾਨ ਹੋਟਲ ਪ੍ਰਬੰਧਨ ਦੀ ਇੱਕ ਵੱਡੀ ਲਾਪਰਵਾਹੀ ਵੀ ਸਾਹਮਣੇ ਆਈ ਹੈ ਕਿ ਉਨ੍ਹਾਂ ਨੇ ਕਥਿਤ ਤੌਰ ‘ਤੇ ਦੋਵਾਂ ਕੋਲੋਂ ਕੋਈ ਵੀ ਪਛਾਣ ਪੱਤਰ (ID Card) ਲਏ ਬਿਨਾਂ ਹੀ ਉਨ੍ਹਾਂ ਨੂੰ ਕਮਰਾ ਅਲਾਟ ਕਰ ਦਿੱਤਾ ਸੀ। ਪੁਲਿਸ ਹੁਣ ਇਸ ਲਾਪਰਵਾਹੀ ਅਤੇ ਕਤਲ-ਖੁਦਕੁਸ਼ੀ ਦੇ ਸਾਰੇ ਪਹਿਲੂਆਂ ਨੂੰ ਧਿਆਨ ਵਿੱਚ ਰੱਖ ਕੇ ਕਾਰਵਾਈ ਕਰ ਰਹੀ ਹੈ।

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।