ਵੱਡੀ ਖਬਰ: ਪੰਜਾਬ ਭਰ ‘ਚ ਸਰਕਾਰੀ ਬੱਸਾਂ ਦਾ ਚੱਕਾ ਜਾਮ, ਯੂਨੀਅਨ ਵੱਲੋਂ ਅਣਮਿੱਥੇ ਸਮੇਂ ਲਈ ਹੜਤਾਲ ਦਾ ਐਲਾਨ
ਚੰਡੀਗੜ੍ਹ, 3 ਅਗਸਤ 2026
ਪੰਜਾਬ ਵਿੱਚ ਸਰਕਾਰੀ ਬੱਸਾਂ ‘ਚ ਸਫ਼ਰ ਕਰਨ ਵਾਲੇ ਯਾਤਰੀਆਂ ਲਈ ਵੱਡੀ ਖ਼ਬਰ ਸਾਹਮਣੇ ਆਈ ਹੈ। ਪੀ.ਆਰ.ਟੀ.ਸੀ. ਅਤੇ ਪਨਬਸ ਦੇ ਹਜ਼ਾਰਾਂ ਕੱਚੇ ਕੰਟਰੈਕਟ ਵਰਕਰਾਂ ਨੇ ਆਪਣੀਆਂ ਲਟਕਦੀਆਂ ਮੰਗਾਂ ਨੂੰ ਲੈ ਕੇ ਅੱਜ, 3 ਅਗਸਤ ਤੋਂ ਪੰਜਾਬ ਭਰ ਵਿੱਚ ਬੱਸਾਂ ਦਾ ਚੱਕਾ ਜਾਮ ਕਰਕੇ ਸੂਬਾ ਪੱਧਰੀ ਹੜਤਾਲ ਸ਼ੁਰੂ ਕਰ ਦਿੱਤੀ ਹੈ।
ਯੂਨੀਅਨ ਆਗੂਆਂ ਵੱਲੋਂ ਭਾਵੇਂ 3 ਅਗਸਤ ਤੋਂ ਹੜਤਾਲ ਦਾ ਰਸਮੀ ਐਲਾਨ ਕੀਤਾ ਗਿਆ ਸੀ, ਪਰ ਮੁਲਾਜ਼ਮਾਂ ਨੇ ਬੀਤੀ ਸ਼ਾਮ ਤੋਂ ਹੀ ਆਪੋ-ਆਪਣੀਆਂ ਬੱਸਾਂ ਸਬੰਧਤ ਡਿਪੂਆਂ ਵਿੱਚ ਖੜ੍ਹੀਆਂ ਕਰਕੇ ਚਾਬੀਆਂ ਅਧਿਕਾਰੀਆਂ ਨੂੰ ਸੌਂਪ ਦਿੱਤੀਆਂ ਸਨ। ਇਸ ਕਾਰਨ ਅੱਜ ਸਵੇਰ ਤੋਂ ਹੀ ਰਾਜ ਦੇ ਵੱਖ-ਵੱਖ ਬੱਸ ਸਟੈਂਡਾਂ ‘ਤੇ ਸਰਕਾਰੀ ਬੱਸਾਂ ਦੀ ਆਵਾਜਾਈ ਪੂਰੀ ਤਰ੍ਹਾਂ ਠੱਪ ਹੈ, ਜਿਸ ਨਾਲ ਆਮ ਲੋਕਾਂ ਅਤੇ ਖਾਸ ਕਰਕੇ ਔਰਤਾਂ ਨੂੰ ਭਾਰੀ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਯੂਨੀਅਨ ਦੇ ਸੂਬਾਈ ਸੀਨੀਅਰ ਮੀਤ ਪ੍ਰਧਾਨ ਅਤੇ ਬੁਲਾਰੇ ਹਰਕੇਸ਼ ਵਿੱਕੀ ਪਟਿਆਲਾ ਨੇ ਦੱਸਿਆ ਕਿ ਇਹ ਸੰਘਰਸ਼ ਮੁਲਾਜ਼ਮਾਂ ਨਾਲ ਹੋ ਰਹੀਆਂ ਵਧੀਕੀਆਂ ਖ਼ਿਲਾਫ਼ ਵਿੱਢਿਆ ਗਿਆ ਹੈ। ਯੂਨੀਅਨ ਦੇ ਪ੍ਰਮੁੱਖ ਆਗੂ ਰੇਸ਼ਮ ਸਿੰਘ ਗਿੱਲ ਨੇ ਵੀਡੀਓ ਸੁਨੇਹੇ ਰਾਹੀਂ ਜਾਣਕਾਰੀ ਦਿੱਤੀ ਕਿ ਜ਼ਿਲ੍ਹਾ ਪਟਿਆਲਾ ਅਤੇ ਸੰਗਰੂਰ ਵਿੱਚ ਦਰਜ ਇਰਾਦਾ-ਏ-ਕਤਲ ਦੇ ਕੇਸਾਂ ਤਹਿਤ ਜੇਲ੍ਹ ਵਿੱਚ ਡੱਕੇ ਸਾਥੀਆਂ ਦੀ ਤੁਰੰਤ ਰਿਹਾਈ ਅਤੇ ਕੱਚੇ ਕਾਮਿਆਂ ਨੂੰ ਪੱਕੇ ਕਰਨ ਸਮੇਤ ਹੋਰ ਜਾਇਜ਼ ਮੰਗਾਂ ਨੂੰ ਮਨਵਾਉਣਾ ਇਸ ਹੜਤਾਲ ਦਾ ਮੁੱਖ ਮਕਸਦ ਹੈ।
ਉਨ੍ਹਾਂ ਦੱਸਿਆ ਕਿ ਸਰਕਾਰ ਨਾਲ ਹੁਣ ਤੱਕ ਲਗਭਗ 60 ਗੇੜ ਦੀਆਂ ਮੀਟਿੰਗਾਂ ਹੋ ਚੁੱਕੀਆਂ ਹਨ, ਪਰ ਹਰ ਵਾਰ ਸਿਰਫ਼ ਭਰੋਸੇ ਹੀ ਮਿਲੇ ਹਨ ਅਤੇ ਕੋਈ ਠੋਸ ਹੱਲ ਨਹੀਂ ਨਿਕਲਿਆ। ਇਸ ਵਾਰ ਯੂਨੀਅਨ ਆਰ-ਪਾਰ ਦੀ ਲੜਾਈ ਦੇ ਰੌਂਅ ਵਿੱਚ ਹੈ ਅਤੇ ਮੰਗਾਂ ਮੰਨੇ ਜਾਣ ਤੱਕ ਸੰਘਰਸ਼ ਜਾਰੀ ਰਹੇਗਾ।



