ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਜਲਦ ਹੋਵੇਗੀ ਖ਼ਤਮ, ਅਗਸਤ ‘ਚ ਹੋਵੇਗੀ ਇਤਿਹਾਸਕ ਪ੍ਰਮੋਸ਼ਨ: ਹਰਜੋਤ ਬੈਂਸ

Top Trending News ਪੰਜਾਬ

 

ਸਰਕਾਰੀ ਸਕੂਲਾਂ ਵਿੱਚ ਅਧਿਆਪਕਾਂ ਦੀ ਘਾਟ ਜਲਦ ਹੋਵੇਗੀ ਖ਼ਤਮ, ਅਗਸਤ ‘ਚ ਹੋਵੇਗੀ ਇਤਿਹਾਸਕ ਪ੍ਰਮੋਸ਼ਨ: ਹਰਜੋਤ ਬੈਂਸ

ਚੰਡੀਗੜ੍ਹ, 3 ਅਗਸਤ 2026- ਪੰਜਾਬ ਵਿਧਾਨ ਸਭਾ ਦੇ ਇਜਲਾਸ ਦੌਰਾਨ ਸੂਬੇ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਸਰਕਾਰੀ ਸਕੂਲਾਂ ਵਿੱਚ ਖਾਲੀ ਪਈਆਂ ਅਧਿਆਪਕਾਂ ਦੀਆਂ ਅਸਾਮੀਆਂ ਅਤੇ ਸਿੱਖਿਆ ਢਾਂਚੇ ਵਿੱਚ ਕੀਤੇ ਜਾ ਰਹੇ ਸੁਧਾਰਾਂ ਬਾਰੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ।

ਸਿੱਖਿਆ ਮੰਤਰੀ ਨੇ ਐਲਾਨ ਕੀਤਾ ਕਿ ਅਗਸਤ ਮਹੀਨੇ ਵਿੱਚ ਪੰਜਾਬ ਦੇ ਇਤਿਹਾਸ ਦੀ ਸਭ ਤੋਂ ਵੱਡੀ ਪ੍ਰਮੋਸ਼ਨ ਹੋਣ ਜਾ ਰਹੀ ਹੈ, ਜਿਸ ਨਾਲ 5,000 ਤੋਂ ਵੱਧ ਪ੍ਰਾਇਮਰੀ ਅਧਿਆਪਕਾਂ ਨੂੰ ਮਾਸਟਰ ਕੈਡਰ ਵਿੱਚ ਪ੍ਰਮੋਟ ਕੀਤਾ ਜਾਵੇਗਾ। ਇਸ ਨਾਲ ਮਾਸਟਰ ਕੈਡਰ ਦੀਆਂ ਭਰੀਆਂ ਅਸਾਮੀਆਂ ਦਾ ਅੰਕੜਾ 73% ਤੱਕ ਪਹੁੰਚ ਜਾਵੇਗਾ।

ਉਨ੍ਹਾਂ ਅੱਗੇ ਦੱਸਿਆ ਕਿ 31 ਦਸੰਬਰ 2026 ਤੱਕ ਸਿੱਧੀ ਭਰਤੀ (Direct Recruitment) ਰਾਹੀਂ ਭਰੀਆਂ ਜਾਣ ਵਾਲੀਆਂ 1,032 ਪੋਸਟਾਂ ਇਸ਼ਤਿਹਾਰ (Advertised) ਕੀਤੀਆਂ ਜਾ ਚੁੱਕੀਆਂ ਹਨ। ਇਨ੍ਹਾਂ ਅਸਾਮੀਆਂ ਲਈ 40,000 ਤੋਂ ਵੱਧ ਉਮੀਦਵਾਰਾਂ ਨੇ ਅਪਲਾਈ ਕੀਤਾ ਹੈ। ਗੁਰੂ ਨਾਨਕ ਦੇਵ ਯੂਨੀਵਰਸਿਟੀ (GNDU) ਨਾਲ ਸਮਝੌਤਾ ਕੀਤਾ ਗਿਆ ਹੈ ਅਤੇ ਜਲਦ ਹੀ ਲਿਖਤੀ ਪ੍ਰੀਖਿਆ ਲੈ ਕੇ ਭਰਤੀ ਪ੍ਰਕਿਰਿਆ ਪੂਰੀ ਕੀਤੀ ਜਾਵੇਗੀ।

ਸਕੂਲ ਪ੍ਰਿੰਸੀਪਲਾਂ ਦੇ ਮੁੱਦੇ ‘ਤੇ ਚਾਨਣਾ ਪਾਉਂਦਿਆਂ ਬੈਂਸ ਨੇ ਦੱਸਿਆ ਕਿ ਇਸ ਸਮੇਂ 50% ਅਸਾਮੀਆਂ ਭਰੀਆਂ ਹੋਈਆਂ ਹਨ। ਪ੍ਰਮੋਸ਼ਨਾਂ ਅਤੇ ਨਵੀਂ ਭਰਤੀ ‘ਤੇ ਲੱਗੀ ਰੋਕ (ਸਟੇਅ) ਹਟਣ ਤੋਂ ਬਾਅਦ ਹੁਣ ਵਿਭਾਗ ਵੱਲੋਂ ਪ੍ਰਿੰਸੀਪਲਾਂ ਦੀਆਂ ਪ੍ਰਮੋਸ਼ਨਾਂ ਦੀ ਪ੍ਰਕਿਰਿਆ ਵੀ ਤੇਜ਼ੀ ਨਾਲ ਸ਼ੁਰੂ ਕੀਤੀ ਜਾ ਰਹੀ ਹੈ।

ਸਿੱਖਿਆ ਮੰਤਰੀ ਨੇ ਦਾਅਵਾ ਕੀਤਾ ਕਿ ਇਨ੍ਹਾਂ ਤਮਾਮ ਚੁਣੌਤੀਆਂ ਦੇ ਬਾਵਜੂਦ ਪੰਜਾਬ ਨੇ ਪੂਰੇ ਭਾਰਤ ਵਿੱਚ ਸਭ ਤੋਂ ਬਿਹਤਰ ਅਧਿਆਪਕ-ਵਿਦਿਆਰਥੀ ਅਨੁਪਾਤ ਹਾਸਲ ਕੀਤਾ ਹੈ। ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਹਰ 22 ਵਿਦਿਆਰਥੀਆਂ ‘ਤੇ 1 ਅਧਿਆਪਕ ਉਪਲਬਧ ਹੈ, ਜੋ ਕਿ ਦੇਸ਼ ਵਿੱਚ ਸਭ ਤੋਂ ਵਧੀਆ ਔਸਤ ਹੈ।