- ਫਾਰਮੇਸੀ ਪੇਪਰ ਲੀਕ ਮਾਮਲੇ ‘ਤੇ ਪੰਜਾਬ ਵਿਧਾਨ ਸਭਾ ਵਿੱਚ ਜ਼ਬਰਦਸਤ ਹੰਗਾਮਾ
ਚੰਡੀਗੜ੍ਹ, 3 ਅਗਸਤ (ਦੇਸ਼ ਕਲਿੱਕ ਬਿਊਰੋ) : ਪੰਜਾਬ ਵਿਧਾਨ ਸਭਾ ਦੇ ਮਾਨਸੂਨ ਸੈਸ਼ਨ ਦੇ ਪਹਿਲੇ ਦਿਨ ਭਾਰੀ ਹੰਗਾਮਾ ਹੋਇਆ। ਵਿਰੋਧੀ ਧਿਰ ਨੇ ਫਾਰਮੇਸੀ ਪੇਪਰ ਲੀਕ ਮਾਮਲੇ ‘ਤੇ ਸਰਕਾਰ ਨੂੰ ਘੇਰਿਆ। ਪ੍ਰਸ਼ਨ ਕਾਲ ਦੌਰਾਨ ਵਿਰੋਧੀ ਧਿਰ ਦੇ ਨੇੜੇ ਪ੍ਰਤਾਪ ਸਿੰਘ ਬਾਜਵਾ ਅਤੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਵਿਚਾਲੇ ਤਿੱਖੀ ਬਹਿਸਬਾਜ਼ੀ ਦੇਖਣ ਨੂੰ ਮਿਲੀ। ਹੰਗਾਮੇ ਅਤੇ ਨਾਅਰੇਬਾਜ਼ੀ ਕਾਰਨ ਸਦਨ ਦੀ ਕਾਰਵਾਈ ਕੁਝ ਸਮੇਂ ਲਈ ਮੁਲਤਵੀ ਕਰਨੀ ਪਈ। ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਉਨ੍ਹਾਂ ਨੇ ਹਾਲ ਹੀ ਵਿੱਚ NEET ਪੇਪਰ ਲੀਕ ਵਿਰੁੱਧ ਜੰਤਰ-ਮੰਤਰ ‘ਤੇ ਹੋਏ ਵਿਰੋਧ ਪ੍ਰਦਰਸ਼ਨ ਵਿੱਚ ਹਿੱਸਾ ਲਿਆ ਸੀ।
ਉਨ੍ਹਾਂ ਸਵਾਲ ਕੀਤਾ ਕਿ ਪਿਛਲੇ ਸਾਢੇ ਚਾਰ ਸਾਲਾਂ ਵਿੱਚ ਪੰਜਾਬ ਵਿੱਚ ਛੇ ਪੇਪਰ ਲੀਕ ਹੋਏ ਹਨ, ਜਿਨ੍ਹਾਂ ਵਿੱਚੋਂ ਪੰਜ ਸਿੱਖਿਆ ਵਿਭਾਗ ਅਤੇ ਇੱਕ ਸਿਹਤ ਵਿਭਾਗ ਨਾਲ ਸਬੰਧਤ ਹੈ। ਬਾਜਵਾ ਨੇ ਪੁੱਛਿਆ ਕਿ ਕੀ ਸਿੱਖਿਆ ਮੰਤਰੀ ਜਾਂ ਸਿਹਤ ਮੰਤਰੀ ਇਨ੍ਹਾਂ ਘਟਨਾਵਾਂ ਦੀ ਨੈਤਿਕ ਜ਼ਿੰਮੇਵਾਰੀ ਲੈਂਦੇ ਹੋਏ ਅਸਤੀਫਾ ਦੇ ਦੇਣਗੇ। ਕਾਂਗਰਸੀ ਵਿਧਾਇਕਾਂ ਨੇ ਚਿੱਟੇ ਕੱਪੜਿਆਂ ਵਿੱਚ ਅਤੇ ਗਲ਼ਾਂ ਵਿੱਚ ਕਾਲੇ ਪਰਨੇ ਪਾ ਕੇ ਸਰਕਾਰ ਵਿਰੁੱਧ ਜਮ ਕੇ ਨਾਅਰੇਬਾਜ਼ੀ ਕੀਤੀ।
ਕਾਂਗਰਸ ਦੇ ਹੰਗਾਮੇ ਦਾ ਜਵਾਬ ਦਿੰਦਿਆਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਉਹ ਸਦਨ ਵਿੱਚ ਪੂਰੀ ਤਿਆਰੀ ਅਤੇ ਤੱਥਾਂ ਨਾਲ ਆਏ ਹਨ। ਬੈਂਸ ਨੇ ਤਲਖ਼ ਅੰਦਾਜ਼ ਵਿੱਚ ਕਿਹਾ, “ਮੈਂ ਸਾਰੇ ਆਂਕੜੇ ਅਤੇ ਜ਼ਰੂਰੀ ਦਸਤਾਵੇਜ਼ ਲੈ ਕੇ ਆਇਆ ਹਾਂ। ਅੰਗਰੇਜ਼ੀ ਪੜ੍ਹਨੀ ਸਿਰਫ਼ ਤੁਹਾਨੂੰ ਹੀ ਨਹੀਂ ਆਉਂਦੀ, ਮੈਨੂੰ ਵੀ ਆਉਂਦੀ ਹੈ। ਕਾਂਗਰਸੀ ਵਿਧਾਇਕ ਬਹਿਸ ਸੁਣਨ ਦੀ ਬਜਾਏ ਹਾਊਸ ਤੋਂ ਭੱਜ ਰਹੇ ਹਨ। ਇਹ ਵਿਧਾਨ ਸਭਾ ਦੇ ਭਗੌੜੇ ਹਨ।” ਮੰਤਰੀ ਨੇ ਦਾਅਵਾ ਕੀਤਾ ਕਿ ਸਰਕਾਰ ਹਰ ਮੁੱਦੇ ‘ਤੇ ਚਰਚਾ ਕਰਨ ਲਈ ਤਿਆਰ ਹੈ ਪਰ ਵਿਰੋਧੀ ਧਿਰ ਕੋਲ ਕੋਈ ਠੋਸ ਮੁੱਦਾ ਨਹੀਂ ਹੈ।
ਸਦਨ ਵਿੱਚ ਵੱਧਦੇ ਹੰਗਾਮੇ ਨੂੰ ਵੇਖਦਿਆਂ ਸਪੀਕਰ ਨੇ ਮੈਂਬਰਾਂ ਨੂੰ ਸ਼ਾਂਤੀ ਬਣਾਏ ਰੱਖਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਪ੍ਰਸ਼ਨ ਕਾਲ ਪੰਜਾਬ ਦੇ ਤਿੰਨ ਕਰੋੜ ਲੋਕਾਂ ਨਾਲ ਸੰਬੰਧਿਤ ਮੁੱਦਿਆਂ ‘ਤੇ ਚਰਚਾ ਕਰਨ ਲਈ ਹੁੰਦਾ ਹੈ, ਇਸ ਲਈ ਇਸ ਵਿੱਚ ਵਿਘਨ ਨਾ ਪਾਇਆ ਜਾਵੇ। ਸਦਨ ਵਿੱਚ ਮੰਤਰੀਆਂ ਦੇ ਜਵਾਬਾਂ ਅਤੇ ਹੰਗਾਮੇ ਦੌਰਾਨ ਕਾਂਗਰਸੀ MLAs ਨੇ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਹੋਏ ਵਿਧਾਨ ਸਭਾ ਵਿੱਚੋਂ ਵਾਕਆਊਟ (Walkout) ਕਰ ਦਿੱਤਾ।



