ਪਾਰਟੀ ਵਿਰੋਧੀ ਲੋਕਾਂ ਨੂੰ ਦੁੱਧ ‘ਚੋਂ ਮੱਖੀ ਵਾਂਗ ਕੱਢ ਦਿਆਂਗੇ- ਰਾਜਾ ਵੜਿੰਗ ਦਾ ਵੱਡਾ ਬਿਆਨ
ਲੁਧਿਆਣਾ, 7 ਅਗਸਤ 2026
ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਲੁਧਿਆਣਾ ਤੋਂ ਮੈਂਬਰ ਪਾਰਲੀਮੈਂਟ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਲੁਧਿਆਣਾ ਵਿਖੇ ‘ਹਰ ਬੂਥ ਕਾਂਗਰਸ ਮਜ਼ਬੂਤ’ ਸਮਾਗਮ ਦੌਰਾਨ ਆਪਣੀ ਹੀ ਪਾਰਟੀ ਦੇ ਕੁਝ ਆਗੂਆਂ ਵਿਰੁੱਧ ਤਿੱਖਾ ਰੁੱਖ ਅਪਣਾਇਆ ਹੈ।
ਉਨ੍ਹਾਂ ਸਪੱਸ਼ਟ ਸ਼ਬਦਾਂ ਵਿੱਚ ਕਿਹਾ ਕਿ ਕੁਝ ਆਗੂ ਕਾਂਗਰਸ ਨੂੰ ਆਪਣੀ ਨਿੱਜੀ ਜਗੀਰ ਸਮਝ ਕੇ ਆਪਣੇ ਹਿਸਾਬ ਨਾਲ ਚਲਾਉਣਾ ਚਾਹੁੰਦੇ ਹਨ। ਰਾਜਾ ਵੜਿੰਗ ਨੇ ਚੇਤਾਵਨੀ ਦਿੰਦਿਆਂ ਕਿਹਾ ਕਿ ਕਾਂਗਰਸ ਕਿਸੇ ਦੀ ਨਿੱਜੀ ਸੰਪਤੀ ਨਹੀਂ, ਸਗੋਂ ਇਹ ਮਿਹਨਤੀ ਵਰਕਰਾਂ ਦੀ ਪਾਰਟੀ ਹੈ ਅਤੇ ਵਰਕਰ ਹੀ ਇਸ ਨੂੰ ਚਲਾਉਣਗੇ। ਪਾਰਟੀ ਵਿਰੋਧੀ ਜਾਂ ਮਨਮਰਜ਼ੀ ਕਰਨ ਵਾਲੇ ਆਗੂਆਂ ਨੂੰ ‘ਦੁੱਧ ਵਿੱਚੋਂ ਮੱਖੀ ਵਾਂਗ’ ਬਾਹਰ ਕੱਢ ਕੇ ਸੁੱਟ ਦਿੱਤਾ ਜਾਵੇਗਾ।
ਆਪਣੇ ਸਿਆਸੀ ਸਫ਼ਰ ਦਾ ਜ਼ਿਕਰ ਕਰਦਿਆਂ ਵੜਿੰਗ ਨੇ ਕਿਹਾ, ਰਾਹੁਲ ਗਾਂਧੀ ਦੇ ਨਿਰਦੇਸ਼ਾਂ ‘ਤੇ ਹੀ ਉਨ੍ਹਾਂ ਲੁਧਿਆਣਾ ਤੋਂ ਲੋਕ ਸਭਾ ਚੋਣ ਲੜੀ ਸੀ, ਜਿੱਥੇ ਲੋਕਾਂ ਨੇ ਉਨ੍ਹਾਂ ਨੂੰ ਜਿਤਾ ਕੇ ਸੰਸਦ ਭੇਜਿਆ। ਉਨ੍ਹਾਂ ਦੱਸਿਆ ਕਿ ਹਾਈਕਮਾਨ ਦੇ ਹੁਕਮ ‘ਤੇ ਹੀ ਉਹ ਵੱਖ-ਵੱਖ ਸਮਿਆਂ ‘ਤੇ ਹਰਸਿਮਰਤ ਕੌਰ ਬਾਦਲ, ਮਨਪ੍ਰੀਤ ਸਿੰਘ ਬਾਦਲ ਅਤੇ ਰਵਨੀਤ ਸਿੰਘ ਬਿੱਟੂ ਵਰਗੇ ਵੱਡੇ ਚਿਹਰਿਆਂ ਖ਼ਿਲਾਫ਼ ਚੋਣ ਮੈਦਾਨ ਵਿੱਚ ਉਤਰੇ ਹਨ।
ਉਨ੍ਹਾਂ ਦੁਹਰਾਇਆ ਕਿ ਉਹ ਹਮੇਸ਼ਾ ਪਾਰਟੀ ਹਾਈਕਮਾਨ ਅਤੇ ਰਾਹੁਲ ਗਾਂਧੀ ਦੇ ਹੁਕਮਾਂ ਨੂੰ ਸਰਵਉੱਚ ਮੰਨਦੇ ਆਏ ਹਨ। ਉਹ ਭਵਿੱਖ ਵਿੱਚ ਵੀ ਪਾਰਟੀ ਅਨੁਸ਼ਾਸਨ ਦੇ ਘੇਰੇ ਵਿੱਚ ਰਹਿ ਕੇ ਦਿੱਤੇ ਗਏ ਦਿਸ਼ਾ-ਨਿਰਦੇਸ਼ਾਂ ਅਨੁਸਾਰ ਹੀ ਕੰਮ ਕਰਦੇ ਰਹਿਣਗੇ।



