ਵੱਡੀ ਖ਼ਬਰ: ਮਲੇਸ਼ੀਆ ਤੋਂ ਬੰਬੀਹਾ ਗੈਂਗ ਦੇ 3 ਗੁਰਗੇ ਡਿਪੋਰਟ, ਪੁਲਿਸ ਨੇ ਲਿਆਂਦਾ ਪੰਜਾਬ!
ਚੰਡੀਗੜ੍ਹ, 19 ਅਗਸਤ 2026
ਪੰਜਾਬ ਸਰਕਾਰ ਵੱਲੋਂ ਗੈਂਗਸਟਰਾਂ ਅਤੇ ਸੰਗਠਿਤ ਅਪਰਾਧ ਵਿਰੁੱਧ ਚਲਾਈ ਜਾ ਰਹੀ ਮੁਹਿੰਮ ਤਹਿਤ ਪੰਜਾਬ ਪੁਲਿਸ ਨੂੰ ਵੱਡੀ ਸਫਲਤਾ ਮਿਲੀ ਹੈ। ਪੰਜਾਬ ਪੁਲਿਸ ਨੇ ਕੇਂਦਰੀ ਏਜੰਸੀਆਂ ਨਾਲ ਤਾਲਮੇਲ ਕਰਦਿਆਂ ਮਲੇਸ਼ੀਆ ਤੋਂ ਬੰਬੀਹਾ ਗੈਂਗ ਨਾਲ ਕਥਿਤ ਤੌਰ ’ਤੇ ਜੁੜੇ ਤਿੰਨ ਵਿਅਕਤੀਆਂ ਨੂੰ ਡਿਪੋਰਟ ਕਰਵਾ ਕੇ ਪੰਜਾਬ ਲਿਆਂਦਾ ਹੈ।
ਪੁਲਿਸ ਦਾ ਕਹਿਣਾ ਹੈ ਕਿ ਡਿਪੋਰਟ ਕੀਤੇ ਗਏ ਮੁਲਜ਼ਮਾਂ ਦੀ ਪਛਾਣ ਜਸ ਬੇਹਬਲ, ਅਜੈ ਸਿੰਘ ਅਤੇ ਪਵਨੀਦੀਪ ਸਿੰਘ ਵਜੋਂ ਹੋਈ ਹੈ। ਤਿੰਨਾਂ ਨੂੰ ਬੰਬੀਹਾ ਗੈਂਗ ਦੇ ਸਰਗਨਾ ਲੱਕੀ ਪਟਿਆਲ ਦੇ ਸਾਥੀ ਦੱਸਿਆ ਜਾ ਰਿਹਾ ਹੈ। ਪੰਜਾਬ ਪੁਲਿਸ ਦੀ OFTEC ਟੀਮ ਨੇ ਕੇਂਦਰੀ ਏਜੰਸੀਆਂ ਦੇ ਸਹਿਯੋਗ ਨਾਲ ਇਹ ਕਾਰਵਾਈ ਅਮਲ ਵਿੱਚ ਲਿਆਂਦੀ।
ਜਾਣਕਾਰੀ ਅਨੁਸਾਰ, ਤਿੰਨਾਂ ਮੁਲਜ਼ਮਾਂ ਖ਼ਿਲਾਫ਼ ਪੰਜਾਬ ਅਤੇ ਗੁਆਂਢੀ ਸੂਬਿਆਂ ਵਿੱਚ ਕਥਿਤ ਤੌਰ ’ਤੇ ਰੰਗਦਾਰੀ, ਟਾਰਗੇਟ ਕਿਲਿੰਗ ਸਮੇਤ ਕਈ ਗੰਭੀਰ ਅਪਰਾਧਾਂ ਨਾਲ ਸਬੰਧਤ ਮਾਮਲੇ ਦਰਜ ਹਨ। ਪੁਲਿਸ ਵੱਲੋਂ ਉਨ੍ਹਾਂ ਦੇ ਪੁਰਾਣੇ ਅਪਰਾਧਿਕ ਰਿਕਾਰਡ ਅਤੇ ਗੈਂਗ ਨਾਲ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ।
ਪੁਲਿਸ ਅਨੁਸਾਰ ਅਜੈ ਸਿੰਘ ਅਤੇ ਪਵਨੀਦੀਪ ਸਿੰਘ ’ਤੇ ਲੁਧਿਆਣਾ ਵਿੱਚ ਹੈਂਡ ਗ੍ਰਨੇਡ ਧਮਾਕੇ ਦੀ ਸਾਜ਼ਿਸ਼ ਵਿੱਚ ਸ਼ਾਮਲ ਹੋਣ ਦੇ ਦੋਸ਼ ਵੀ ਹਨ। ਤਿੰਨਾਂ ਤੋਂ ਪੁੱਛਗਿੱਛ ਦੌਰਾਨ ਗੈਂਗ ਦੀਆਂ ਗਤੀਵਿਧੀਆਂ, ਵਿਦੇਸ਼ਾਂ ਤੋਂ ਚਲਾਏ ਜਾ ਰਹੇ ਨੈੱਟਵਰਕ ਅਤੇ ਹੋਰ ਸਾਥੀਆਂ ਸਬੰਧੀ ਅਹਿਮ ਜਾਣਕਾਰੀਆਂ ਸਾਹਮਣੇ ਆਉਣ ਦੀ ਉਮੀਦ ਹੈ। ਪੁਲਿਸ ਵੱਲੋਂ ਮਾਮਲੇ ਦੀ ਅਗਲੇਰੀ ਜਾਂਚ ਜਾਰੀ ਹੈ।





