ਸੰਵਤਸਰੀ: ਜਲੰਧਰ ਜ਼ਿਲ੍ਹੇ ‘ਚ ਕੱਲ੍ਹ 15 ਸਤੰਬਰ ਨੂੰ ਮੀਟ, ਮੱਛੀ ਅਤੇ ਬੁੱਚੜਖਾਨੇ ਬੰਦ ਰੱਖਣ ਦੇ ਹੁਕਮ ਜਾਰੀ
ਜਲੰਧਰ, 14 ਸਤੰਬਰ:
ਜੈਨ ਧਰਮ ਦੇ ਪਵਿੱਤਰ ‘ਸੰਵਤਸਰੀ ਮਹਾਂਪਰਵ’ ਨੂੰ ਮੁੱਖ ਰੱਖਦਿਆਂ ਜਲੰਧਰ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਅਮਨ-ਕਾਨੂੰਨ ਦੀ ਸਥਿਤੀ ਅਤੇ ਧਾਰਮਿਕ ਭਾਵਨਾਵਾਂ ਦੇ ਸਤਿਕਾਰ ਨੂੰ ਯਕੀਨੀ ਬਣਾਉਣ ਲਈ ਵਿਸ਼ੇਸ਼ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ। ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਅਮਨਿੰਦਰ ਕੌਰ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਅਧੀਨ ਮਿਲੇ ਅਧਿਕਾਰਾਂ ਦਾ ਪ੍ਰਯੋਗ ਕਰਦਿਆਂ 15 ਸਤੰਬਰ, ਦਿਨ ਮੰਗਲਵਾਰ ਨੂੰ ਜ਼ਿਲ੍ਹੇ ਦੀਆਂ ਸੀਮਾਵਾਂ ਅੰਦਰ ਮਾਸ-ਮੱਛੀ ਦੀ ਵਿਕਰੀ ਅਤੇ ਬੁੱਚੜਖਾਨਿਆਂ ਦੇ ਸੰਚਾਲਨ ’ਤੇ ਪੂਰਨ ਰੋਕ ਲਗਾਉਣ ਦੇ ਹੁਕਮ ਦਿੱਤੇ ਹਨ।
ਜਾਰੀ ਕੀਤੇ ਗਏ ਅਧਿਕਾਰਤ ਹੁਕਮਾਂ ਅਨੁਸਾਰ, ਇਹ ਪਾਬੰਦੀ ਜ਼ਿਲ੍ਹਾ ਜਲੰਧਰ ਦੇ ਸਮੁੱਚੇ ਖੇਤਰਾਂ ਵਿੱਚ ਏਕ ਸਮਾਨ ਲਾਗੂ ਰਹੇਗੀ। ਇਸ ਦਿਨ ਕਿਸੇ ਵੀ ਸ਼ਹਿਰੀ ਜਾਂ ਗ੍ਰਾਮੀਣ ਇਲਾਕੇ ਵਿੱਚ ਮੀਟ-ਮੱਛੀ ਦੀਆਂ ਦੁਕਾਨਾਂ ਅਤੇ ਬੁੱਚੜਖਾਨੇ (ਜ਼ਬਾਹਖ਼ਾਨੇ) ਮੁਕੰਮਲ ਤੌਰ ’ਤੇ ਬੰਦ ਰਹਿਣਗੇ। ਪ੍ਰਸ਼ਾਸਨ ਨੇ ਇਹ ਵੀ ਸਪੱਸ਼ਟ ਕੀਤਾ ਹੈ ਕਿ ਕਿਸੇ ਵੀ ਢਾਬੇ, ਹੋਟਲ, ਰੈਸਟੋਰੈਂਟ ਜਾਂ ਅਹਾਤੇ ਵਿੱਚ ਨਾਨ-ਵੇਜ (ਮਾਸਾਹਾਰੀ ਭੋਜਨ) ਪਰੋਸਣ ਜਾਂ ਪਕਾਉਣ ਦੀ ਇਜਾਜ਼ਤ ਨਹੀਂ ਹੋਵੇਗੀ।
ਪ੍ਰਸ਼ਾਸਨ ਵੱਲੋਂ ਸਾਰੇ ਨਾਗਰਿਕਾਂ, ਕਾਰੋਬਾਰੀਆਂ ਅਤੇ ਖਾਣ-ਪੀਣ ਦੇ ਪ੍ਰਬੰਧਕਾਂ ਨੂੰ ਹਦਾਇਤ ਕੀਤੀ ਗਈ ਹੈ ਕਿ ਉਹ ਇਨ੍ਹਾਂ ਹੁਕਮਾਂ ਦੀ ਇਨ-ਬਿਨ ਪਾਲਣਾ ਯਕੀਨੀ ਬਣਾਉਣ। ਜੈਨ ਭਾਈਚਾਰੇ ਦੇ ਇਸ ਮਹਾਨ ਪਰਵ ਮੌਕੇ ਅਹਿੰਸਾ ਦੇ ਸੰਦੇਸ਼ ਦਾ ਸਤਿਕਾਰ ਕਰਦਿਆਂ ਸਮਾਜਿਕ ਸਾਂਝ ਅਤੇ ਸ਼ਾਂਤੀਪੂਰਨ ਮਾਹੌਲ ਬਣਾਏ ਰੱਖਣ ਲਈ ਇਹ ਕਦਮ ਚੁੱਕਿਆ ਗਿਆ ਹੈ। ਹੁਕਮਾਂ ਦੀ ਨਿਗਰਾਨੀ ਲਈ ਸਬੰਧਤ ਅਧਿਕਾਰੀਆਂ ਅਤੇ ਪੁਲਿਸ ਪ੍ਰਸ਼ਾਸਨ ਨੂੰ ਜ਼ਿਲ੍ਹੇ ਵਿੱਚ ਤਾਇਨਾਤ ਰਹਿਣ ਦੇ ਨਿਰਦੇਸ਼ ਦਿੱਤੇ ਗਏ ਹਨ।







