ਵੱਡੀ ਖ਼ਬਰ: ਲੰਡਨ ‘ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲਾਉਣ ਵਾਲੇ ਦੋ ਨਾਬਾਲਗਾਂ ਨੂੰ 10-10 ਸਾਲ ਕੈਦ

Top Trending News ਕੌਮਾਂਤਰੀ

 

ਵੱਡੀ ਖ਼ਬਰ: ਲੰਡਨ ‘ਚ ਭਾਰਤੀ ਰੈਸਟੋਰੈਂਟ ਨੂੰ ਅੱਗ ਲਾਉਣ ਵਾਲੇ ਦੋ ਨਾਬਾਲਗਾਂ ਨੂੰ 10-10 ਸਾਲ ਕੈਦ

ਲੰਡਨ 6 ਅਕਤੂਬਰ 2026

ਪੂਰਬੀ ਲੰਡਨ ਵਿੱਚ ਭਾਰਤੀ ਰੈਸਟੋਰੈਂਟ ਨੂੰ ਜਾਣਬੁੱਝ ਕੇ ਅੱਗ ਲਾਉਣ ਦੇ ਦੋਸ਼ ਹੇਠ 17 ਸਾਲਾ ਦੋ ਲੜਕਿਆਂ ਨੂੰ ਅਦਾਲਤ ਨੇ 10-10 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਅੱਗ ਲੱਗਣ ਸਮੇਂ ਰੈਸਟੋਰੈਂਟ ਵਿੱਚ ਭੋਜਨ ਕਰ ਰਹੇ ਕਈ ਗਾਹਕ ਗੰਭੀਰ ਰੂਪ ਵਿੱਚ ਝੁਲਸ ਗਏ ਸਨ।

ਲੰਡਨ ਦੀ ਓਲਡ ਬੇਲੀ ਅਦਾਲਤ ਵਿੱਚ ਪਿਛਲੇ ਹਫ਼ਤੇ ਸੁਣਵਾਈ ਦੌਰਾਨ ਦੱਸਿਆ ਗਿਆ ਕਿ ਅਗਸਤ 2025 ਵਿੱਚ ਦੋਵੇਂ ਨਾਬਾਲਗ ਗੈਂਟਸ ਹਿੱਲ ਸਥਿਤ ‘ਇੰਡੀਅਨ ਅਰੋਮਾ’ ਰੈਸਟੋਰੈਂਟ ਵਿੱਚ ਦਾਖ਼ਲ ਹੋਏ ਸਨ। ਉਨ੍ਹਾਂ ਕੋਲ ਦਾਤਰ ਅਤੇ ਤਲਵਾਰਾਂ ਵਰਗੇ ਹਥਿਆਰ ਸਨ। ਦੋਵਾਂ ਨੇ ਰੈਸਟੋਰੈਂਟ ਦੇ ਦਰਵਾਜ਼ੇ ਬੰਦ ਕਰ ਦਿੱਤੇ, ਜਦਕਿ ਤੀਜੇ ਸਾਥੀ ਨੇ ਅੰਦਰਲੇ ਹਿੱਸੇ ਵਿੱਚ ਤੇਲ ਛਿੜਕ ਕੇ ਅੱਗ ਲਗਾ ਦਿੱਤੀ।

ਸਜ਼ਾ ਸੁਣਾਉਂਦਿਆਂ ਜੱਜ ਮਾਈਕਲ ਗਰੀਵ ਨੇ ਕਿਹਾ ਕਿ ਦੋਵੇਂ ਲੜਕੇ ਆਪਣੇ ਕੀਤੇ ਕਾਰਨ ਪੈਦਾ ਹੋ ਸਕਣ ਵਾਲੇ ਗੰਭੀਰ ਨਤੀਜਿਆਂ ਤੋਂ ਪੂਰੀ ਤਰ੍ਹਾਂ ਜਾਣੂ ਸਨ। ਉਨ੍ਹਾਂ ਕਿਹਾ ਕਿ ਪੀੜਤਾਂ ਨੂੰ ਬੇਹੱਦ ਦਰਦਨਾਕ ਅਤੇ ਜ਼ਿੰਦਗੀ ਬਦਲ ਦੇਣ ਵਾਲੀਆਂ ਸੱਟਾਂ ਲੱਗੀਆਂ ਹਨ। ਜੱਜ ਨੇ ਇਸ ਘਟਨਾ ਨੂੰ ਸੋਚੀ-ਸਮਝੀ ਅਤੇ ਬੇਹੱਦ ਗੰਭੀਰ ਕਾਰਵਾਈ ਕਰਾਰ ਦਿੰਦਿਆਂ ਕਿਹਾ ਕਿ ਇਸ ਦੇ ਨਤੀਜੇ ਹੋਰ ਵੀ ਭਿਆਨਕ ਹੋ ਸਕਦੇ ਸਨ।